ਸ੍ਰੀ ਫ਼ਤਿਹਗੜ੍ਹ ਸਹਿਬ: ਕੋਰੋਨਾ ਵਾਇਰਸ ਕਾਰਨ ਲਗੇ ਲੌਕਡਾਊਨ ਦੇ ਪ੍ਰਭਾਵ ਹੇਠ ਕਈ ਕਾਰੋਬਾਰ, ਵੱਡੇ-ਵੱਡੇ ਉਦਯੋਗ ਠੱਪ ਪੈ ਗਏ ਹਨ। ਵੱਡੇ-ਵੱਡੇ ਉਦਯੋਗਾਂ ਦੇ ਨਾਲ ਛੋਟੇ ਉਦਯੋਗ ਤੇ ਹਸਤਕਲਾ ਦਾ ਕੰਮ ਕਰਨ ਵਾਲੇ ਲੋਕ ਵੀ ਇਸ ਨਾਲ ਪ੍ਰਭਾਵਤ ਹੋਏ। ਅਜਿਹਾ ਹੀ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਵੇਖਣ ਨੂੰ ਮਿਲਿਆ ਇੱਥੇ ਸੈਲਫ ਹੈਲਪ ਗਰੁੱਪ ਦੀਆਂ ਔਰਤਾਂ ਜੋ ਕਿ ਪਹਿਲਾਂ ਫੁਲਕਾਰੀ ਤਿਆਰ ਕਰਦਿਆਂ ਸਨ, ਹੁਣ ਮਾਸਕ ਤਿਆਰ ਕਰਕੇ ਆਪਣਾ ਗੁਜ਼ਾਰਾ ਕਰ ਰਹੀਆਂ ਹਨ।
ਸ੍ਰੀ ਗੁਰੂ ਅਰਜੁਨ ਦੇਵ ਅਤੇ ਅੰਨਪੂਰਣਾ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਲੌਕਡਾਊਨ ਤੋਂ ਪਹਿਲਾਂ ਫੁਲਕਾਰੀ ਤਿਆਰ ਕਰਦਿਆਂ ਸਨ। ਇਹ ਮਹਿਲਾਵਾਂ ਸੱਭਿਆਚਾਰਕ ਪ੍ਰੋਗਰਾਮਾਂ, ਸਰਕਾਰ ਵੱਲੋਂ ਲਾਏ ਜਾਣ ਵਾਲੇ ਸਾਰਸ ਤੇ ਕ੍ਰਾਫਟ ਮੇਲਿਆਂ ਵਿੱਚ ਫੁਲਕਾਰੀ ਤੇ ਆਪਣੇ ਹੱਥੀ ਬਣਿਆ ਸਮਾਨ ਵੇਚ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੀਆਂ ਸਨ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਅਜਿਹੇ ਕੋਈ ਮੇਲੇ ਜਾਂ ਪ੍ਰੋਗਰਾਮ ਨਹੀਂ ਉਲੀਕੇ ਜਾ ਰਹੇ, ਜਿਸ ਕਰਕੇ ਉਨ੍ਹਾਂ ਵੱਲੋਂ ਬਣਾਇਆ ਗਿਆ ਸਾਮਾਨ ਵਿਕ ਨਹੀਂ ਰਿਹਾ। ਇਸ ਦੇ ਚਲਦੇ ਇਸ ਕਿੱਤੇ ਨਾਲ ਜੁੜੇ ਕਈ ਲੋਕ ਮੁਸ਼ਕਲ ਹਲਾਤਾਂ ਚੋਂ ਲੰਘ ਰਹੇ ਹਨ।
ਇਸ ਬਾਰੇ ਦੱਸਦੇ ਹੋਏ ਸ੍ਰੀ ਗੁਰੂ ਅਰਜੁਨ ਦੇਵ ਸੈਲਫ ਹੈਲਪ ਗਰੁੱਪ ਦੀ ਮੁਖੀ ਬੇਅੰਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਸੈਲਫ ਹੈਲਪ ਗਰੁੱਫ ਹਨ। ਇਨ੍ਹਾਂ ਦੋਹਾਂ ਗਰੁੱਪ 'ਚ 20 ਮਹਿਲਾਵਾਂ ਕੰਮ ਕਰਦਿਆਂ ਹਨ। ਲੌਕਡਾਊਨ ਤੋਂ ਪਹਿਲਾਂ ਸਾਰੀਆਂ ਹੀ ਔਰਤਾਂ ਫੁਲਕਾਰੀ ਤਿਆਰ ਕਰਦੀਆਂ ਸਨ, ਪਰ ਲੌਕਡਾਊਨ ਦੌਰਾਨ ਇਹ ਕੰਮ ਠੱਪ ਪੈ ਗਿਆ। ਲੌਕਡਾਊਨ ਦੇ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਕੁੱਝ ਸਮੇਂ ਤੋਂ ਬਾਅਦ ਉਨ੍ਹਾਂ ਨੂੰ ਮਾਸਕ ਬਣਾਉਣ ਦਾ ਸਰਕਾਰੀ ਆਡਰ ਮਿਲਿਆ ਜਿਸ ਨਾਲ ਉਨ੍ਹਾਂ ਦੇ ਹਾਲਾਤ ਕੁੱਝ ਹੱਦ ਤੱਕ ਠੀਕ ਹੋ ਸਕੇ।
ਇਨ੍ਹਾਂ ਸੈੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਸਮੇਂ ਉਨ੍ਹਾਂ ਦੀ ਉਮੀਦ ਟੁੱਟ ਚੁੱਕੀ ਸੀ, ਪਰ ਜਦ ਮਾਸਕ ਬਣਾਉਣ ਦਾ ਕੰਮ ਮਿਲਿਆ ਤਾਂ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਦੇ ਵਿੱਚ ਵੀ ਸਹਾਰਾ ਮਿਲਿਆ। ਹੁਣ ਤੱਕ ਉਨ੍ਹਾਂ ਵੱਲੋਂ 25 ਹਜ਼ਾਰ ਮਾਸਕ ਬਣਾਏ ਜਾ ਚੁੱਕੇ ਹਨ।