ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵਲੋਂ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਐਕਸ਼ਨ (Action) ਵਿਚ ਆਉਂਦਿਆਂ ਹੀ ਸੂਬੇ ਦੇ ਸਾਰੇ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਡਿਊਟੀ 'ਤੇ ਆਉਣ ਅਤੇ ਸ਼ਾਮ 5 ਵਜੇ ਤੱਕ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ। ਚਾਰ ਦਿਨਾਂ ਬਾਅਦ ਵੀ ਜ਼ਿਆਦਾਤਰ ਮੁਲਾਜ਼ਮ ਦੇਰ ਨਾਲ ਆਉਣ ਦੀ ਆਪਣੀ ਪੁਰਾਣੀ ਆਦਤ ਨੂੰ ਨਹੀਂ ਛੱਡ ਰਹੇ ਹਨ। ਸ਼ੁੱਕਰਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਐਸਡੀਐਮ ਡਾ. ਸੰਜੀਵ ਕੁਮਾਰ (SDM Dr. Sanjeev Kumar) ਵਲੋਂ ਦਫਤਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ 16 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ।
ਸਭ ਤੋਂ ਪਹਿਲਾਂ ਸਵੇਰੇ ਐਸਡੀਐਮ ਸੰਜੀਵ ਕੁਮਾਰ ਅਤੇ ਤਹਿਸੀਲਦਾਰ ਗੁਰਜਿੰਦਰ ਸਿੰਘ ਚੈਕਿੰਗ ਲਈ ਨਗਰ ਕੌਂਸਲ ਦਫ਼ਤਰ ਸਰਹਿੰਦ ਪਹੁੰਚੇ, ਜਿਥੇ 5 ਕਰਮਚਾਰੀ ਹਾਜਰ ਸਨ। ਇਸ ਤੋਂ ਬਾਅਦ ਬੀਡੀਪੀਓ ਦਫ਼ਤਰ ਸਰਹਿੰਦ ਵਿੱਚ ਚੈਕਿੰਗ ਦੌਰਾਨ 6 ਕਰਮਚਾਰੀ ਗੈਰਹਾਜ਼ਰ ਪਾਏ ਗਏ ਅਤੇ ਸ਼ਾਮ 4.50 ਵਜੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਤਿਹਗੜ੍ਹ ਸਾਹਿਬ ਵਿੱਚ ਚੈਕਿੰਗ ਦੌਰਾਨ 5 ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਗੈਰ ਹਾਜ਼ਰ ਮੁਲਾਜ਼ਮਾਂ ਵਿਰੁੱਧ ਹੋਵੇਗੀ ਕਾਰਵਾਈ : ਐੱਸ.ਡੀ.ਐੱਮ.
ਐਸਡੀਐਮ ਨੇ ਕਿਹਾ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੇ ਨਿਰਦੇਸ਼ਾਂ ਤਹਿਤ ਤੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਦਫਤਰਾਂ ਦੀ ਚੈਕਿੰਗ ਕੀਤੀ ਗਈ। ਗੈਰਹਾਜ਼ਰ ਪਾਏ ਜਾਣ ਵਾਲੇ 16 ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਚੈਕਿੰਗ ਜਾਰੀ ਰਹੇਗੀ। ਜੋ ਵੀ ਦੇਰੀ ਨਾਲ ਆਉਂਦਾ ਹੈ ਜਾਂ ਦਫਤਰ ਵਿੱਚ ਗੈਰਹਾਜਰ ਹੋਵੇਗਾ। ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਦਾ ਸਵੇਰੇ 9.00 ਵਜੇ ਹਾਜ਼ਰ ਹੋਣਾ ਯਕੀਨੀ ਬਣਾਉਣ ਤੇ ਸ਼ਾਮ ਵੇਲੇ ਦਫਤਰੀ ਸਮੇਂ ਤੱਕ ਦਫਤਰ ਵਿਚ ਹਾਜ਼ਰ ਹੋਣਾ ਯਕੀਨੀ ਬਣਾਉਣ ਲਈ ਸਮੂਹ ਪ੍ਰਬੰਧਕੀ ਸਕੱਤਰ ਤੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਹਾਜ਼ਰੀ ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਚੈਕ ਕਰਨਾ ਯਕੀਨੀ ਬਣਾਉਣ ਵਾਸਤੇ ਕਿਹਾ ਗਿਆ ਹੈ। ਇਹ ਹੁਕਮ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਭਾਰਤ ਬੰਦ ਦੇ ਸੱਦੇ 'ਚ ਵਪਾਰੀ ਵਰਗ ਵੀ ਦੁਕਾਨਾਂ 'ਤੇ ਤਾਲੇ ਜੜ ਕਰੇਗਾ ਵਿਰੋਧ ਪ੍ਰਦਰਸ਼ਨ