ਫ਼ਤਿਹਗੜ੍ਹ ਸਾਹਿਬ: ਪਿੰਡ ਸ਼ਹਿਜਾਦਪੁਰ ਵਿੱਚੋ ਲੰਘਦੀ ਭਾਖੜਾ ਨਹਿਰ 'ਚ ਦਰਾਰਾਂ ਆਉਣ ਨਾਲ ਉਸ ਦੇ ਟੁੱਟਣ ਦਾ ਖ਼ਤਰਾ ਵੱਧ ਗਿਆ ਹੈ। ਜਿਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਸ ਦੀ ਮੁਰੰਮਤ ਕਰਵਾਈ।
ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਾਲ ਵੀ ਇੱਥੇ ਦਰਾਰਾਂ ਪੈਣ ਕਾਰਨ ਪਿੰਡ ਨੂੰ ਕਾਫੀ ਮੁਸ਼ਕਿਲਾਂ ਦੇ ਵਿੱਚੋਂ ਗੁਜ਼ਰਨਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਨਹਿਰੀ ਵਿਭਾਗ ਦੇ ਨਾਲ ਮਿਲ ਕੇ ਸਥਿਤੀ 'ਤੇ ਕਾਬੂ ਪਾਇਆ ਸੀ ਪਰ ਹੁਣ ਫੇਰ ਇੱਥੇ ਦਰਾਰਾਂ ਪੈਂਦੀਆਂ ਜਾ ਰਹੀਆਂ ਹਨ ਜਿਸ ਦੇ ਨਾਲ ਕਾਫੀ ਨੁਕਸਾਨ ਹੋਣ ਦਾ ਡਰ ਹੈ।
ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਦਾ ਲੈਵਲ ਉਨ੍ਹਾਂ ਦੇ ਪਿੰਡ ਤੋਂ 10 ਫੁੱਟ ਉੱਚਾ ਹੈ, ਜੇਕਰ ਇਹ ਨਹਿਰ ਟੁੱਟਦੀ ਹੈ ਤਾਂ ਪਿੰਡ ਦੇ ਵਿੱਚ ਪਾਣੀ ਆ ਜਾਵੇਗਾ। ਇਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਦੇ ਵਿੱਚ ਪਾੜ ਪੈਂਦਾ ਹੈ ਤਾਂ ਬਹੁਤ ਦੂਰੀ ਤੱਕ ਇਸ ਦੀ ਮਾਰ ਲੋਕਾਂ ਨੂੰ ਝੱਲਣੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਂਦੇ ਹਨ ਪਰ ਉਨ੍ਹਾਂ ਵੱਲੋਂ ਇਸ ਦਾ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਇਸ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।