ਸ੍ਰੀ ਫ਼ਤਿਹਗੜ੍ਹ ਸਾਹਿਬ: ਪਿੰਡ ਮੰਡੋਰਾ ਦੇ ਦੋ ਨੌਜਵਾਨਾਂ ਨਾਲ 10 ਸਾਲ ਪਹਿਲਾਂ ਹੋਈ ਕੁੱਟਮਾਰ ਮਾਮਲੇ 'ਚ ਅਦਾਲਤ ਵੱਲੋਂ ਪੰਜ ਪੁਲਿਸ ਮੁਲਾਜ਼ਮਾਂ ਨੂੰ ਇੱਕ ਸਾਲ ਦੀ ਕੈਦ ਤੇ ਜੁਰਮਾਨੇ ਲਗਾਇਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਬ-ਡਵੀਜ਼ਨ ਖਮਾਣੋਂ ਦੀ ਹੇਠਲੀ ਅਦਾਲਤ ਵਿੱਚ ਹੋਈ।
ਪੀੜਤ ਨੌਜਵਾਨਾਂ ਨੂੰ ਤਕਰੀਬਨ 10 ਸਾਲ ਬੀਤ ਜਾਣ ਤੋਂ ਬਾਅਦ ਇਨਸਾਫ ਮਿਲ ਸਕਿਆ। ਇਸ ਬਾਰੇ ਪੀੜਤ ਨੌਜਵਾਨਾਂ ਦੇ ਪਿਤਾ ਬੂਟਾ ਸਿੰਘ ਮੰਡੇਰਾ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਪਿੰਡ 'ਚ ਹੋਏ ਇੱਕ ਕਤਲ ਮਾਮਲੇ ਨੂੰ ਲੈ ਕੇ ਪੁਲਿਸ ਨੇ ਜਬਰਨ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਥਾਣੇ ਦੇ ਅਧਿਕਾਰੀਆਂ ਦੀ ਸ਼ਿਕਾਇਤ ਕੀਤੀ ਸੀ। ਇਸ ਦੇ ਚਲਦੇ ਕੁੱਝ ਸਮੇਂ ਬਾਅਦ ਪੁਲਿਸ ਨੇ ਕੰਮ 'ਤੇ ਜਾ ਰਹੇ ਉਸ ਦੇ ਦੋਵੇਂ ਪੁੱਤਰਾਂ ਨੂੰ ਰੋਕ ਕੇ ਲਾਇਸੈਂਸ ਅਤੇ ਗੱਡੀ ਦੇ ਕਾਗਜ਼ਾਂ ਦੀ ਮੰਗ ਕੀਤੀ। ਜਦ ਪੁਲਿਸ ਮੁਲਾਜ਼ਮਾਂ ਇਹ ਪਤਾ ਲਗਾ ਕਿ ਉਹ ਦੋਵੇਂ ਬੂਟਾ ਸਿੰਘ ਦੇ ਪੁੱਤਰ ਹਨ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੀੜਤਾਂ ਦੇ ਪਿਤਾ ਨੇ ਆਖਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਸੀ ਪਰ ਕੋਈ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣਾ ਪਿਆ।
ਹੋਰ ਪੜ੍ਹੋ : ਭਲਕੇ ਪੰਜਾਬ ਭਰ ਦੇ ਦੋਧੀਆਂ ਵੱਲੋਂ ਹੜਤਾਲ
ਇਸ ਮਾਮਲੇ ਬਾਰੇ ਪੀੜਤਾਂ ਦੇ ਵਕੀਲ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਸੀ। 10 ਸਾਲਾਂ ਬਾਅਦ ਪੀੜਤਾਂ ਨੂੰ ਇਨਸਾਫ ਮਿਲਿਆ ਹੈ। ਸਬ ਡਵੀਜ਼ਨ ਖਮਾਣੋ ਦੀ ਅਦਾਲਤ ਵੱਲੋਂ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਪੰਜ ਪੁਲਿਸ ਮੁਲਾਜ਼ਮਾਂ ਨੂੰ 1 ਸਾਲ ਦੀ ਕੈਦ ਅਤੇ 1000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।