ਸ੍ਰੀ ਫ਼ਤਿਹਗੜ੍ਹ ਸਾਹਿਬ: ਸ਼ਹਿਰ ਵਿੱਚ ਚੱਲ ਰਹੇ ਸੁੰਦਰੀਕਰਨ ਦੇ ਕੰਮ ਦੌਰਾਨ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਉਸਾਰੀ ਕਾਰਜਾਂ ਨੂੰ ਢਾਹ ਦਿੱਤਾ। ਇਸ ਮੌਕੇ ਮਹੌਲ ਤਣਾਅ ਪੂਰਨ ਬਣ ਗਿਆ ਜਦੋਂ ਸ਼ਹਿਰ ਕਾਂਗਰਸੀਆਂ ਨੇ ਵਿਧਾਇਕ ਕੁਲਜੀਤ ਨਾਗਰਾ ਦੀ ਅਗਵਾਈ ਵਿੱਚ ਸੜਕ 'ਤੇ ਧਰਨਾ ਲਾ ਦਿੱਤਾ।
ਦਰਅਸਲ ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੱਕ ਬਣੀ ਰੋਡ ਦੀਆਂ ਸਾਇਡਾਂ ਤੇ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਦੋਂ ਐਸਜੀਪੀਸੀ ਦੀ ਸਿੱਖਿਆ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਿਅਰਿੰਗ ਕਾਲਜ ਦੇ ਬਾਹਰ ਕੰਮ ਕੀਤਾ ਜਾ ਰਿਹਾ ਸੀ ਤਾਂ ਮੌਕੇ 'ਤੇ ਐਸਜੀਪੀਸੀ ਦੀ ਇੱਕ ਟੀਮ ਦੇ ਵੱਲੋਂ ਰੋਕਦੇ ਹੋਏ ਕਾਲਜ ਦੇ ਬਾਹਰ ਬਣਾਏ ਜਾ ਰਹੇ ਥੜੇ ਨੂੰ ਹਥੌੜੇ ਨਾਲ ਤੋੜ ਦਿੱਤਾ ਗਿਆ। ।
ਇਸ ਮਾਮਲੇ ਬਾਰੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਕਰਮ ਸਿੰਘ ਦਾ ਕਹਿਣਾ ਹੈ ਕਿ ਇਹ ਜਗ੍ਹਾ ਐਸਜੀਪੀਸੀ ਦੀ ਹੈ। ਉਹ ਇਸ ਦੇ ਸੰਬੰਧ ਵਿੱਚ ਕਈ ਵਾਰ ਵਿਭਾਗ ਨੂੰ ਕਹਿ ਚੁੱਕੇ ਸਨ ਪਰ ਬਿਨ੍ਹਾਂ ਮਨਜ਼ੂਰੀ ਲਏ ਗ਼ੈਰ-ਕਾਨੂੰਨੀ ਤਰੀਕੇ ਨਾਲ ਇਹ ਉਸਾਰੀ ਕੀਤੀ ਗਈ। ਇਸ ਦੇ ਕਾਰਨ ਉਨ੍ਹਾਂ ਨੂੰ ਇਹ ਤੋੜ੍ਹ ਨੇ ਪਏ। ਉਹ ਕਿਸੇ ਵੀ ਹਾਲਤ ਵਿੱਚ ਗ਼ੈਰ ਕਾਨੂੰਨੀ ਕਬਜ਼ਾ ਅਤੇ ਉਸਾਰੀ ਹੋਣ ਨਹੀਂ ਦੇਣਗੇ। ਜੇਕਰ ਸੈਰ ਸਪਾਟਾ ਵਿਭਾਗ ਕੰਮ ਕਰਨਾ ਵੀ ਚਾਹੁੰਦਾ ਹੈ ਤਾਂ ਇਸ ਨੂੰ ਇੱਕ ਲੇਬਲ ਵਿੱਚ ਕਰੇ।
ਮੌਕੇ 'ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਇੱਥੇ ਖੁੱਲ੍ਹਾ ਅਜਾਇਬ ਘਰ ਬਣਾਇਆ ਜਾ ਰਿਹਾ ਹੈ। ਇਸ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਬੁੱਤ ਲਗਾਏ ਜਾਣੇ ਹਨ ਤਾਂ ਜੋ ਲੋਕਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਨੂੰ ਕੋਈ ਦਿੱਕਤ ਸੀ ਤਾਂ ਉਹ ਸਬੰਧਤ ਪ੍ਰਸ਼ਾਨਿਕ ਅਧਿਕਾਰੀਆਂ ਨਾਲ ਗੱਲ ਕਰ ਸਕਦੀ ਸੀ ਅਤੇ ਇਸ ਕੰਮ ਲਈ ਸਾਡੇ ਵੱਲੋਂ ਲਿਖਤੀ ਤੌਰ 'ਤੇ ਐਸਜੀਪੀਸੀ ਤੋਂ ਇਜਾਜ਼ਤ ਲੈ ਕੇ ਕੀਤਾ ਜਾ ਰਿਹਾ ਸੀ। ਇਸ ਦੇ ਬਾਵਜੂਦ ਵੀ ਕੰਮ ਨੂੰ ਰੋਕਨਾ ਅਤੇ ਤੋੜ-ਫੋੜ ਕਰਨਾ ਨਿੰਦਣਯੋਗ ਹੈ।
ਵਿਭਾਗ ਵੱਲੋਂ ਕੀਤੇ ਗਏ ਉਸਾਰੀ ਕੰਮ ਨੂੰ ਰੋਕਣ ਅਤੇ ਤੋੜਣ ਦੀ ਸੂਚਨਾ ਜਦੋਂ ਸਥਾਨਕ ਪ੍ਰਸ਼ਾਸਨ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਪ੍ਰਸ਼ਾਨਿਕ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਐਸਡੀਐਮ ਸੰਜੀਵ ਕੁਮਾਰ ਵਿਭਾਗ ਦੁਆਰਾ ਸ਼ਿਕਾਇਤ ਦੇ ਆਧਾਰ ਉੱਤੇ ਕਾਨੂੰਨੀ ਕਾਰਵਾਈ ਦੀ ਗੱਲ ਕਹਿ ਰਹੇ ਹਨ।