ਚੰਡੀਗੜ੍ਹ :21 ਜੂਨ ਵਿਸ਼ਵ ਯੋਗ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਸੰਕਟ ਨੂੰ ਵੇਖਦੇ ਹੋਏ ਇਸ ਦਿਹਾੜੇ ਨੂੰ ਵਰਚੁਅਲ ਤਰੀਕੇ ਨਾਲ ਮਨਾਇਆ ਜਾਵੇਗਾ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਲੋਕਾਂ ਦੇ ਇੱਕਠ ਅਤੇ ਜਨਤਕ ਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੇ ਸਮਾਗਮ ਕਰਵਾਉਣ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਲਈ ਆਯੂਸ਼ ਵਿਭਾਗ ਵੱਲੋਂ ਇੱਕ ਪ੍ਰੋਟੋਕੌਲ ਵੀ ਜਾਰੀ ਕੀਤਾ ਗਿਆ ਹੈ, ਇਸ 'ਚ ਯੋਗ ਆਸਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗ ਗੁਰੂ ਮੀਨਾਕਸ਼ੀ ਠਾਕੁਰ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਦੇ ਇੱਕਠ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ। ਮੀਨਾਕਸ਼ੀ ਨੇ ਆਖਿਆ ਕਿ ਇਸ ਵਾਰ ਯੋਗ ਦਿਹਾੜਾ ਬੇਹਦ ਖ਼ਾਸ ਹੋਵੇਗਾ, ਕਿਉਂਕਿ ਇਸ ਵਾਰ ਯੋਗ ਦਿਹਾੜਾ ਆਨਲਾਈਨ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਤਿਆਰੀਆਂ ਸ਼ੁਰੂ ਹੋ ਚੁੱਕਿਆਂ ਹਨ। ਇਸ ਵਾਰ ਲੋਕ ਆਪੋ-ਆਪਣੇ ਘਰਾਂ 'ਚ ਰਹਿ ਕੇ ਹੀ ਯੋਗ ਦਿਹਾੜਾ ਮਨਾਉਂਣਗੇ। ਯੋਗ ਗੁਰੂ ਮੀਨਾਕਸ਼ੀ ਨੇ ਆਖਿਆ ਕਿ ਜਦ ਵੀ ਅਸੀਂ ਸੈਰ ਕਰਦੇ ਹਾਂ ਜਾਂ ਯੋਗ ਕਰਦੇ ਹਾਂ, ਉਸ ਸਮੇਂ ਸਾਨੂੰ ਮਾਸਕ ਨਹੀਂ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਮਰ ਦਰਦ ਤੇ ਦਿੱਲ ਸਬੰਧੀ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਯੋਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਯੋਗ ਗੁਰੂ ਨੇ ਦੱਸਿਆ ਕਿ ਬਿਮਾਰੀਆਂ ਤੋਂ ਬਚਾਅ ਤੇ ਸਰੀਰ ਦੀ ਇਮਿਊਨਿਟੀ ਨੂੰ ਕਾਇਮ ਰੱਖਣ ਲਈ ਸਾਨੂੰ ਰੋਜ਼ਾਨਾ ਯੋਗ ਅਤੇ ਪ੍ਰਣਾਯਾਮ ਕਰਨਾ ਚਾਹੀਦਾ ਹੈ।
ਮੀਨਾਕਸ਼ੀ ਨੇ ਦੱਸਿਆ ਕਿ ਕੋਰੋਨਾ ਕਾਲ 'ਚ ਸਮਾਜਿਕ ਦੂਰੀ ਨੂੰ ਕਾਇਮ ਰੱਖਦੇ ਹੋਏ ਅਸੀਂ ਨਿੱਕੇ ਸਮੂਹਾਂ 'ਚ ਆਪਣੇ ਘਰਾਂ ਦੇ ਅੰਦਰ ਜਾਂ ਘਰ ਦੇ ਬਗੀਚੇ ਵਿੱਚ ਯੋਗ ਕਰ ਸਕਦੇ ਹਾਂ। ਮੀਨਾਕਸ਼ੀ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਕੋਰੋਨਾ ਸੰਕਟ ਦੇ ਸਮੇਂ 'ਚ ਆਨਲਾਈਨ ਯੋਗ ਬਾਰੇ ਸਿਖਲਾਈ ਦੇ ਰਹੇ ਹਨ।