ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਮਗਰੋਂ ਨਵਜੋਤ ਸਿੰਘ ਸਿੱਧੂ (Navjot Singh Sidhu ਅੱਜ ਰਸਮੀ ਤੌਰ 'ਤੇ ਅਹੁਦਾ ਸਾਂਭ ਰਹੇ ਹਨ। ਉਨ੍ਹਾਂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵੀ ਚਾਰਜ ਲੈਣਗੇ।
ਬੁੱਧਵਾਰ ਨੂੰ ਪੀਪੀਸੀਸੀ ਦੀ ਨਵੀਂ ਟੀਮ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਵਿਖੇ ਜਾ ਕੇ ਸੱਦਾ ਦਿੱਤਾ, ਜਿਸ ਨੂੰ ਕੈਪਟਨ ਨੇ ਬਿੰਨਾਂ ਸ਼ਰਤ ਕਬੂਲ ਕਰ ਲਿਆ। ਇਸ ਦੌਰਾਣ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਬਟਾਲਾ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵੀ ਮੌਜੂਦ ਸਨ।
ਕੁਝ ਦਿਨ ਪਹਿਲਾਂ ਹਰੀਸ਼ ਰਾਵਤ ਨਾਲ ਮੁਲਾਕਾਤ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਖਿਲਾਫ਼ ਕੀਤੇ ਬਿਆਨਾਂ 'ਤੇ ਜਨਤਕ ਤੌਰ 'ਤੇ ਮੁਆਫ਼ੀ ਦੀ ਮੰਗਣ, ਆਖ਼ਰ ਅਜਿਹਾ ਕੀ ਹੋਇਆ ਕਿ 4 ਦਿਨਾਂ 'ਚ ਹੀ ਕੈਪਟਨ ਮੰਨ ਗਏ ਤੇ ਅੱਜ ਸਿੱਧੂ ਦੀ ਤਾਜਪੋਸ਼ੀ 'ਚ ਸ਼ਿਰਕਤ ਕਰ ਰਹੇ ਹਨ। 5 ਕਾਰਨ ਆਖਿਰ ਸਿੱਧੂ ਦੇ ਹੱਕ 'ਚ ਕਿਵੇਂ ਮੰਨੇ ਕੈਪਟਨ?
ਸਿੱਧੂ ਦੇ ਸ਼ਕਤੀ ਪ੍ਰਦਰਸ਼ਨ 'ਚ ਪੰਹੁਚੇ 60 ਤੋਂ ਵੱਧ ਵਿਧਾਇਕ
ਬੁੱਧਵਾਰ ਨੂੰ ਅੰਮ੍ਰਿਤਸਰ 'ਚ ਨਵਜੋਤ ਸਿੰਘ ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ਮਗਰੋਂ ਖ਼ਬਰਾਂ ਆਈਆਂ ਕਿ ਸਿੱਧੂ ਦੇ ਘਰ 60 ਤੋਂ ਵੱਧ ਵਿਧਾਇਕਾਂ ਨੇ ਸ਼ਿਰਕਤ ਕੀਤੀ। ਪੰਜਾਬ ਵਿਧਾਨਸਭਾ 'ਚ 77 ਕਾਂਗਰਸੀ ਵਿਧਾਇਕਾਂ ਵਿੱਚੋਂ 60 ਵਿਧਾਇਕਾਂ ਦੇ ਸਿੱਧੂ ਦੇ ਸੱਦੇ 'ਤੇ ਮਿਲਣ ਪੰਹੁਚੇ। ਸਾਫ਼ ਸੀ ਕਿ ਪੰਜਾਬ ਕਾਂਗਰਸ ਸੰਗਠਨ ਦੇ ਬਦਲਾਅ ਤੋਂ ਜਿਆਦਾਤਰ ਵਿਧਾਇਕ ਸੰਤੁਸ਼ਟ ਹਨ।
ਕਾਰਜਕਾਰੀ ਪ੍ਰਧਾਨ ਪੰਹੁਚੇ ਸੱਦਾ ਦੇਣ
ਬੁੱਧਵਾਰ ਨੂੰ ਪੀਪੀਸੀਸੀ ਦੀ ਨਵੀਂ ਟੀਮ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਵਿਖੇ ਜਾ ਕੇ ਸੱਦਾ ਦਿੱਤਾ, ਜਿਸ ਨੂੰ ਕੈਪਟਨ ਨੇ ਬਿੰਨ੍ਹਾਂ ਸ਼ਰਤ ਕਬੂਲ ਕਰ ਲਿਆ। ਪਾਰਟੀ ਹਾਈ ਕਮਾਂਡ ਵੱਲੋਂ ਲਗਾਏ ਗਏ ਕਾਰਜਕਾਰੀ ਪ੍ਰਧਾਨਾਂ ਦਾ ਆਪ ਆ ਕੇ ਸੱਦਾ ਦੇਣਾ ਵੀ ਦਬਾਅ ਬਣਾਉਂਦਾ ਹੈ।
57 ਵਿਧਾਇਕਾਂ ਨੇ ਕੀਤੇ ਸਨ ਦਸਤਖ਼ਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਗਏ ਸੱਦਾ ਪੱਤਰ 'ਚ 58 ਵਿਧਾਇਕਾਂ ਨੇ ਹਸਤਾਖ਼ਰ ਕੀਤੇ ਸਨ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਤੇ ਕਈ ਕੈਬਨਿਟ ਮੰਤਰੀ ਵੀ ਸ਼ਾਮਲ ਸਨ। ਕੈਪਟਨ ਦੇ ਮੰਨ ਜਾਣ ਦਾ ਇਹ ਵੀ ਇੱਕ ਕਾਰਨ ਬਣਿਆ।
ਕਾਂਗਰਸ ਦੇ ਸੀਨੀਅਰ ਆਗੂਆਂ ਦੀ ਸਲਾਹ
ਸੂਤਰਾਂ ਮੁਤਾਬਕ ਕੇਂਦਰੀ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀ ਕੈਪਟਨ ਨੂੰ ਨਵਜੋਤ ਸਿੱਧੂ ਦੀ ਪ੍ਰਧਾਨਗੀ ਮੰਨ ਲੈਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਉਹ ਹਾਈ ਕਮਾਂਡ ਦਾ ਫੈਸਲਾ ਮੰਨ ਲੈਣ ਤੇ ਸੂਬੇ ਅੰਦਰ ਪਾਰਟੀ ਦੀ ਏਕਤਾ ਦਾ ਮੁਜ਼ਾਹਰਾ ਕਰਨ।
ਸਿੱਧੂ ਦੀ ਚਿੱਠੀ ਦੀ ਭੂਮਿਕਾ
ਪੀਪੀਸੀਸੀ ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਲਗਾਤਾਰ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਸਨ ਪਰ ਮੁੱਖ ਮੰਤਰੀ ਨਾਲ ਕੋਈ ਰਾਬਤਾ ਨਹੀਂ ਕੀਤਾ ਤੇ ਨਾ ਹੀ ਕੈਪਟਨ ਵੱਲੋਂ ਹੀ ਕੋਈ ਵਧਾਈ ਦਿੱਤੀ ਗਈ, ਪਰ ਵੀਰਵਾਰ ਦੁਪਹਿਰ ਨੂੰ ਸਿੱਧੂ ਦੀ ਚਿੱਠੀ ਲੈ ਕੇ ਜਦੋਂ ਕਾਗਰਸੀ ਆਗੂ ਪੰਹੁਚੇ ਤਾਂ ਕੈਪਟਨ ਨਾ ਨਹੀਂ ਕਰ ਸਕੇ ਤੇ ਬਿਨ੍ਹਾਂ ਸ਼ਰਤ ਸੱਦਾ ਮਨਜ਼ੂਰ ਕਰ ਲਿਆ।
ਕੀ ਹੈ ਕੈਪਟਨ-ਸਿੱਧੂ ਵਿਵਾਦ
2017 ਵਿਧਾਨ ਸਭਾ ਚੋਣਾਂ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਕਾਂਗਰਸ 'ਚ ਸ਼ਾਮਲ ਹੋ ਗਏ ਸਨ, ਪਰ ਸਿੱਧੂ ਤੇ ਕੈਪਟਨ ਵਿਚਾਲੇ ਸੁਖਾਲਾ ਮਾਹੌਲ ਬਹੁਤ ਘੱਟ ਰਿਹਾ ਹੈ। 2 ਸਾਲਾਂ ਤੱਕ ਕੈਬਿਨਟ ਮੰਤਰੀ ਰਹਿਣ ਮਗਰੋਂ 2019 'ਚ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਨ੍ਹਾਂ ਇਹ ਮਨਜ਼ੂਰ ਨਾ ਕੀਤਾ ਤੇ ਕੈਪਟਨ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਉਸ ਤੋਂ ਬਾਅਦ ਤੋਂ ਹੀ ਸਿੱਧੂ ਲਗਾਤਾਰ ਕੈਪਟਨ 'ਤੇ ਨਿਸ਼ਾਨੇ ਵਿਨ੍ਹ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਇਹ ਹਮਲੇ ਇੰਨ੍ਹੇ ਵੱਧ ਕਿ ਸਿੱਧੂ ਹਰ ਰੋਜ਼ ਹੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਣ ਲੱਗੇ।
ਬਰਗਾੜੀ ਬੇਅਦਬੀ ਦੀ ਨਵੀਂ ਐਸਆਈਟੀ
2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਐਸਆਈਟੀ ਦੀ ਜਾਂਚ ਰਿਪੋਰਟ ਖਾਰਜ ਹੋਣ ਮਗਰੋਂ ਕੈਪਟਨ ਸਰਕਾਰ ਨੇ ਨਵੀਂ ਐਸਆਈਟੀ ਦਾ ਗਠਨ ਕੀਤਾ ਤੇ ਜਾਂਚ ਨਵੇਂ ਸਿਰੇ ਤੋਂ ਸ਼ੁਰੂ ਹੋਈ। ਅਪ੍ਰੈਲ ਮਹੀਨੇ 'ਚ ਸਿੱਧੂ ਨੇ ਇਸ ਸਬੰਧੀ ਕੈਪਟਨ ਨੂੰ ਟਵੀਟ ਕਰ ਉਨ੍ਹਾਂ ਦੀ ਅਗਵਾਈ ਅਤੇ ਉਨ੍ਹਾਂ ਦੀ ਨਿਅਤ 'ਤੇ ਸਵਾਲ ਚੁੱਕਿਆ। ਫੇਰ ਮਈ ਮਹੀਨੇ 'ਚ ਵੀ #ਬੇਅਦਬੀ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਮੁੜ ਤੋਂ ਕੈਪਟਨ 'ਤੇ ਸਵਾਲ ਚੁੱਕੇ ਤੇ ਕਿਹਾ ਕਿ ਰੌਲਾ ਵੱਧ ਤੇ ਨਤੀਜਾ ਕੋਈ ਨਹੀਂ।
ਬਿਜਲੀ ਦੇ ਮੁੱਦੇ 'ਤੇ ਘੇਰਿਆ
ਪੰਜਾਬ 'ਚ ਬਿਜਲੀ ਸੰਕਟ ਆਉਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਤੇ ਬਾਦਲ ਦੋਵਾਂ ਨੂੰ ਆੜੇ ਹੱਥੀਂ ਲਿਆ। ਸਿੱਧੂ ਨੇ ਆਪਣੀ ਸਰਕਾਰ ਨੂੰ ਨਸਹੀਅਤ ਦਿੱਤੀ। ਨਵਜੋਤ ਸਿੱਧੂ ਨੇ ਟਵੀਟ ਕਰ ਕਿਹਾ ਕੀ ਕਾਂਗਰਸ ਹਾਈ ਕਮਾਨ ਵੱਲੋ ਦਿੱਤੇ ਲੋਕ ਪੱਖੀ 18 ਨੁਕਤੀ ਏਜੰਡੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਬਾਦਲਾਂ ਵੱਲੋਂ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਕੇ ਕੀਤੀ ਜਾਵੇ। ਇਸ ਲਈ ਪੰਜਾਬ ਵਿਧਾਨ ਸਭਾ ਵਲੋਂ ਸੈਸ਼ਨ ਬੁਲਾ ਕੇ ਰਾਸ਼ਟਰੀ ਪਾਵਰ ਐਕਸਚੇਂਜ ਅਨੁਸਾਰ ਬਿਜਲੀ ਕੀਮਤਾਂ ਬਿਨਾਂ ਕਿਸੇ ਬੱਧੀ ਲਾਗਤ ਤੋਂ ਤੈਅ ਕਰਨ ਲਈ ਕਾਨੂੰਨ ਬਣਾਇਆ ਜਾਵੇ।
ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਦਿਖੇ ਖ਼ੁਸ਼ਮਿਜ਼ਾਜ
ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਮੰਦਰ ਵਿਖੇ 2 ਸਿੱਖ ਰੈਜ਼ੀਮੈਂਟ ਦੇ ਅਧਿਕਾਰੀਆਂ ਤੇ ਜਵਾਨਾਂ ਨਾਲ ਮੁਲਾਕਾਤ ਕੀਤੀ, ਜਿਥੇ ਫੌਜੀ ਜਵਾਨਾਂ ਨੇ ਉਨ੍ਹਾਂ ਦੇ ਸਵਾਗਤ 'ਚ ਜੈਕਾਰੇ ਵੀ ਲਾਏ ਤੇ ਕੈਪਟਨ ਖ਼ੁਸ਼ੀ ਦੇ ਪਲਾਂ 'ਚ ਦਿਖਾਈ ਦਿੱਤੇ।
ਕੈਪਟਨ ਅਜੇ ਵੀ ਬਜਿੱਦ
ਸੂਤਰਾਂ ਤੋਂ ਇਹ ਵੀ ਖ਼ਬਰਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਜਨਤਕ ਸਮਾਗਮ 'ਚ ਸਿੱਧੂ ਨੂੰ ਜ਼ਰੂਰ ਮਿਲੇ ਹਨ ਪਰ ਉਹ ਉਸ ਨਾਲ ਕੋਈ ਨਿਜੀ ਮੁਲਾਕਾਤ ਉਸ ਸਮੇਂ ਤੱਕ ਨਹੀਂ ਕਰਨਗੇ ਜਦੋਂ ਤੱਕ ਉਹ ਜਨਤਕ ਮੁਆਫ਼ੀ ਨਹੀਂ ਮੰਗ ਲੈਂਦੇ।