ਜਲੰਧਰ: ਪੰਜਾਬ ਦੇ ਰਾਜ ਸਭਾ ਮੈਂਬਰਾਂ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਆਪ ਵੱਲੋਂ ਐਲਾਨੇ 5 ਨਾਵਾਂ ਵਿੱਚੋਂ ਇੱਕ ਅਸ਼ੋਕ ਮਿੱਤਲ (aam aadmi party rajyasabha candidate ashok mittal ) ਦਾ ਨਾਮ ਕਾਫੀ ਚਰਚਾ ਵਿੱਚ ਹੈ।
ਮਿੱਤਲ ਬਾਰੇ ਪਰਿਵਾਰ ਜਾਣਕਾਰੀ
ਅਸ਼ੋਕ ਮਿੱਤਲ ਜਲੰਧਰ ਛਾਉਣੀ ਇਲਾਕੇ ਦੇ ਰਹਿਣ ਵਾਲੇ ਹਨ। ਉਹ ਸਵਰਗੀ ਬਲਦੇਵ ਰਾਜ ਮਿੱਤਲ ਦੇ ਸਭ ਤੋਂ ਛੋਟੇ ਪੁੱਤਰ ਹਨ। ਆਪਣੇ ਤਿੰਨ ਭਰਾਵਾਂ ਵਿੱਚੋਂ ਛੋਟੇ ਅਸ਼ੋਕ ਮਿੱਤਲ ਵੱਲੋਂ ਗਰੈਜੂਏਟ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। ਜਲੰਧਰ ਛਾਉਣੀ ਇਲਾਕੇ ਵਿੱਚ ਦਸ ਬਾਈ ਦਸ ਦੀ ਮਿਠਾਈ ਦੀ ਦੁਕਾਨ ਚਲਾਉਣ ਵਾਲੇ ਬਲਦੇਵ ਰਾਜ ਮਿੱਤਲ ਦੇ ਤਿੰਨ ਬੇਟੇ ਰਮੇਸ਼ ਮਿੱਤਲ, ਨਰੇਸ਼ ਮਿੱਤਲ ਅਤੇ ਅਸ਼ੋਕ ਮਿੱਤਲ ਅੱਜ ਇੱਕ ਦਸ ਬਾਈ ਦਸ ਦੀ ਮਠਿਆਈ ਦੀ ਦੁਕਾਨ ਤੋਂ ਇੱਕ ਦਿੱਗਜ ਕਾਰੋਬਾਰੀ ਬਣ ਚੁੱਕੇ ਹਨ।
ਮਿੱਤਲ ਪਰਿਵਾਰ ਜਲੰਧਰ ਛਾਉਣੀ ਦਾ ਰਹਿਣ ਵਾਲਾ ਉਹ ਪਰਿਵਾਰ ਹੈ ਜਿੰਨ੍ਹਾਂ ਨੇ 1886 ਵਿੱਚ ਜਲੰਧਰ ਛਾਉਣੀ ਇਲਾਕੇ ਤੋਂ ਇੱਕ ਨਿੱਕੀ ਜਿਹੀ ਦੁਕਾਨ ਤੋਂ ਮਠਿਆਈ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਇਹ ਕਾਰੋਬਾਰ ਇਸ ਤਰ੍ਹਾਂ ਵਧਿਆ ਕਿ ਅੱਜ ਉਨ੍ਹਾਂ ਦੀਆ ਮਠਿਆਈ ਦੀਆਂ ਦੁਕਾਨਾਂ ਨਹੀਂ ਬਲਕਿ ਮਠਿਆਈ ਦੇ ਮਾਲ ਖੁੱਲ੍ਹ ਚੁੱਕੇ ਹਨ। ਜਲੰਧਰ ਵਿੱਚ ਲਵਲੀ ਸਵੀਟ ਹਾਊਸ ਦੇ ਨਾਮ ਤੋਂ ਜਾਣਿਆ ਜਾਂਦਾ ਇਹ ਮਠਿਆਈ ਦਾ ਮੌਲ ਨਾ ਸਿਰਫ ਜਲੰਧਰ ਬਲਕਿ ਆਸ ਪਾਸ ਦੇ ਇਲਾਕਿਆਂ ਨੂੰ 24 ਘੰਟੇ ਸਰਵਿਸ ਦਿੰਦਾ ਹੈ ਕਿਉਂਕਿ ਜਲੰਧਰ ਵਿੱਚ ਇਕਲੌਤਾ ਅਜਿਹਾ ਮਠਿਆਈ ਦਾ ਮਾਲ ਹੈ ਜੋ 24 ਘੰਟੇ ਖੁੱਲ੍ਹਦਾ ਹੈ।
ਮਠਿਆਈ ਦੀ ਦੁਕਾਨ ਤੋਂ ਇੱਕ ਯੂਨੀਵਰਸਿਟੀ ਦੇ ਚਾਂਸਲਰ ਬਣਨ ਤੱਕ ਦਾ ਸਫਰ
ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਨੇੜੇ ਪੂਰੀ ਦੁਨੀਆ ਵਿੱਚ ਜਾਣੀ ਜਾਣ ਵਾਲੀ ਲਵਲੀ ਯੂਨੀਵਰਸਿਟੀ ਜਿਸ ਦੀ ਸ਼ੁਰੂਆਤ ਮਿੱਤਲ ਪਰਿਵਾਰ ਵੱਲੋਂ 2001 ਵਿੱਚ ਕੀਤੀ ਗਈ ਸੀ। ਅੱਜ ਇਸ ਯੂਨੀਵਰਸਿਟੀ ਬਾਰੇ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਪੂਰੀ ਦੁਨੀਆ ਦੇ ਕਰੀਬ ਪੰਜਾਹ ਦੇਸ਼ਾਂ ਤੋਂ ਵਿਦਿਆਰਥੀ ਆ ਕੇ ਪੜ੍ਹਾਈ ਕਰਦੇ ਹਨ। ਅਸ਼ੋਕ ਮਿੱਤਲ ਇਸੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਾਊਂਡਰ ਅਤੇ ਚਾਂਸਲਰ (Lovely university founder Ashok Mittal) ਹਨ। ਅਸ਼ੋਕ ਮਿੱਤਲ ਵੱਲੋਂ ਖੜ੍ਹੀ ਕੀਤੀ ਗਈ ਇਹ ਯੂਨੀਵਰਸਿਟੀ 600 ਏਕੜ ਵਿੱਚ ਫੈਲੀ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਜੋ ਅੱਜ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਹੈ।
ਅਸ਼ੋਕ ਮਿੱਤਲ ਨੂੰ ਆਮ ਆਦਮੀ ਪਾਰਟੀ ਵੱਲੋਂ ਚੁਣਿਆ ਗਿਆ ਰਾਜ ਸਭਾ ਮੈਂਬਰ
ਅਸ਼ੋਕ ਮਿੱਤਲ ਜੋ ਅੱਜ ਦੇਸ਼ ਦੀ ਇੱਕ ਨਾਮੀ ਯੂਨੀਵਰਸਿਟੀ ਦੇ ਚਾਂਸਲਰ ਹਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਮੈਂਬਰ ਵਜੋਂ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਪੂਰਬ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੂੰ ਵੀ ਰਾਜ ਸਭਾ ਮੈਂਬਰ ਵਜੋਂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਸਟਾਫ ਮਿਲਿਆ, ਮਹਿਕਮਿਆਂ ਤੋਂ ਅਜੇ ਵੀ ਵਾਂਝੇ ਆਪ ਦੇ ਮੰਤਰੀ