ਚੰਡੀਗੜ੍ਹ: ਦੇਸ਼ ਦੇ ਬਹੁਤੇ ਰਾਜਾਂ ਵਿੱਚ ਮੌਨਸੂਨ 2021 ਆਪਣੇ ਪੂਰੇ ਰੰਗ ਵਿੱਚ ਹੈ। ਰਾਜਧਾਨੀ ਦਿੱਲੀ ਵਿੱਚ ਵੀ ਲਗਾਤਾਰ ਬਾਰਸ਼ ਹੈ। ਹਿਮਾਚਲ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਸਕਾਈਮੇਟ ਮੌਸਮ ਦੀ ਰਿਪੋਰਟ ਅਨੁਸਾਰ ਅਗਸਤ ਦਾ ਪਹਿਲਾ ਹਫ਼ਤਾ ਬਾਰਸ਼ ਨਾਲ ਭਰਿਆ ਹੋਣ ਵਾਲਾ ਹੈ। ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਦੱਖਣੀ ਭਾਰਤ ਵਿੱਚ ਮੌਨਸੂਨ ਕਮਜ਼ੋਰ ਰਹੇਗਾ। ਕਈ ਥਾਂ ਭਾਰੀ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ।
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅਗਲੇ ਚਾਰ ਦਿਨ ਬੱਦਲ ਛਾਏ ਰਹਿਣਗੇ। ਹਾਲਾਂਕਿ ਪਹਿਲਾਂ ਇਹ ਅਨੁਮਾਨ ਲਗਾਇਆ ਗਿਆ ਸੀ ਕਿ ਸ਼ੁੱਕਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ, ਪਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਜ਼ਿਆਦਾਤਰ ਸਥਾਨਾਂ ਵਿੱਚ ਅਗਲੇ ਚਾਰ ਦਿਨਾਂ ਤੱਕ ਬੱਦਲ ਛਾਏ ਰਹਿਣਗੇ। ਕੁਝ ਥਾਵਾਂ 'ਤੇ ਹਲਕੀ ਬਾਰਸ਼ ਵੀ ਹੋ ਸਕਦੀ ਹੈ।
ਭਾਰਤੀ ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਦੇ ਤਾਜ਼ਾ ਅਪਡੇਟ ਦੇ ਅਨੁਸਾਰ 4 ਅਗਸਤ 2021 ਤੱਕ, ਮੱਧ ਅਤੇ ਉੱਤਰੀ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਤੇਜ਼ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ। ਵਿਭਾਗ ਨੇ ਆਪਣੇ ਤਾਜ਼ਾ ਟਵੀਟ ਵਿੱਚ ਅਗਲੇ ਚਾਰ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ।