ਚੰਡੀਗੜ੍ਹ: ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੇ ਵੋਟਰਾਂ ਦਾ ਨਿਰਪੱਖ ਤੇ ਸਹੀ ਮਤਦਾਨ ਕਰਨ ’ਤੇ ਧੰਨਵਾਦ ਕੀਤਾ। ਉਨ੍ਹਾ ਇਸ ਮੌਕੇ ਕਿਹਾ ਕਿ ਰਾਜ ਸਰਕਾਰ ਦੇ ਵਿਆਪਕ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ’ਚ ਵਿਸ਼ਵਾਸ਼ ਦਿਖਾਇਆ ਹੈ।
ਪੰਜਾਬ ਦੇ ਵੋਟਰਾਂ ਨੇ ਸਰਕਾਰ ’ਤੇ ਦਿਖਾਇਆ ਭਰੋਸਾ, ਸਰਕਾਰ ਵੀ ਇਸ ਭਰੋਸੇ ਨੂੰ ਰੱਖੇਗੀ ਬਰਕਰਾਰ: ਬ੍ਰਹਮ ਮਹਿੰਦਰਾ
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮਿਆਰੀ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਵਿਸ਼ੇਸ਼ ਤੌਰ ’ਤੇ ਕਰੋਨਾ ਮਹਾਂਮਾਰੀ ਸਮੇਂ ਲੱਗੇ ਲਾਕਡਾਊਨ ਦੌਰਾਨ ਵੀ ਸ਼ਹਿਰੀ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਇਆ। ਉਨਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਵੋਟਰਾਂ ਨੇ ਸਾਡੀ ਸਰਕਾਰ ਵਿਚ ਭਰੋਸਾ ਜਤਾਇਆ ਅਤੇ ਇਸ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ।
ਮਹਿੰਦਰਾ ਨੇ ਕਿਹਾ ਕਿ ਇਸ ਵੱਡੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕ ਹਿੱਤ ਲਈ ਚੁੱਕੇ ਕਦਮਾਂ ਅਤੇ ਫੈਸਲਿਆਂ ਪ੍ਰਤੀ ਹਾਂ-ਪੱਖੀ ਵਿਚਾਰਧਾਰਾ ਬਣਾ ਕੇ ਕਾਂਗਰਸ ਪਾਰਟੀ ਨੂੰ ਜਤਾਇਆ ਹੈ, ਜਿਸ ਨਾਲ ਕਾਂਗਰਸ ਸਰਕਾਰ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ।
ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ: ਬ੍ਰਹਮ ਮਹਿੰਦਰਾ
ਉਨਾਂ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀਆਂ ਮੰਗਾਂ ਨੂੰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਭਾਜਪਾ ਲੀਡਰ ਜਿਸ ਤਰਾਂ ਦੀ ਮਾੜੀ ਸ਼ਬਦਾਵਲੀ ਵਰਤ ਰਹੇ ਹਨ ਉਹ ਬਹੁਤ ਮੰਦਭਾਗਾ ਹੈ। ਇਹੀ ਵਜ੍ਹਾ ਹੈ ਕਿ ਲੋਕ ਰੋਹ ਨੇ ਭਾਜਪਾ ਦਾ ਪੰਜਾਬ ਵਿਚੋਂ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ। ਉਨਾਂ ਕਿਹਾ ਕਿ ਭਾਜਪਾ ਦੀ ਤਰਾਂ ਹੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਨੂੰ ਵੀ ਪੰਜਾਬ ਦੇ ਸੂਝਵਾਨ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਿਛਲੀਆਂ ਵਿਧਾਨ ਸਭਾ ਚੋਣਾਂ 2017 ’ਚ ਹੋਈ ਜਿੱਤ ਨੂੰ ਮੁੜ ਦੁਹਰਾਏਗੀ।