ਚੰਡੀਗੜ੍ਹ: 1951 ਅਤੇ 1952 ਵਿੱਚ ਚੰਡੀਗੜ੍ਹ ਬਣਾਉਣ ਲਈ ਜ਼ਮੀਨ ਦੇਣ ਵਾਲੇ ਪਿੰਡ ਕਾਂਸਲ ਵਿਖੇ ਈਟੀਵੀ ਭਾਰਤ ਦੀ ਟੀਮ ਪਹੁੰਚੀ। ਈਟੀਵੀ ਭਾਰਤ ਦੀ ਟੀਮ ਨੇ ਵਾਰਡ ਨੰਬਰ 10 ਦੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਲੋਕਾਂ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਮੁੱਢਲੀਆਂ ਸਹੂਲਤਾਂ ਦੇ ਨਾਂਅ ਉੱਤੇ ਹੁਣ ਤੱਕ ਹਰ ਇੱਕ ਸਰਕਾਰ ਨੇ ਕਾਂਸਲ ਪਿੰਡ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸਥਾਨਕ ਵਾਸੀਆਂ ਮੁਤਾਬਕ ਨਾ ਤਾਂ ਪਿੰਡ ਵਿੱਚ ਹੁਣ ਤੱਕ ਸੀਵਰੇਜ ਦੀ ਕੋਈ ਪਾਈਪਲਾਈਨ ਪਾਈ ਗਈ ਹੈ ਅਤੇ ਨਾ ਹੀ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ।
ਇਸਤੋਂ ਇਲਾਵਾ ਅੱਠਵੀਂ ਜਮਾਤ ਦੇ ਸਕੂਲ ਨੂੰ ਵੱਡਾ ਸਕੂਲ ਬਣਾਉਣ ਦੀ ਮੰਗ ਪਿੰਡ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਹੁਣ ਤੱਕ ਮੰਗ ਕਿਸੇ ਵੀ ਸਰਕਾਰ ਨੇ ਪੂਰੀ ਨਹੀਂ ਕੀਤੀ। ਸਭ ਤੋਂ ਵੱਡੀ ਸਮੱਸਿਆ ਸਿਹਤ ਸਹੂਲਤਾਂ ਦੀ ਹੈ। ਕਿਸੇ ਐਮਰਜੈਂਸੀ ਵੇਲੇ ਚੰਡੀਗੜ੍ਹ ਸੈਕਟਰ 16 ਹਸਪਤਾਲ ਨਜ਼ਦੀਕ ਹੁੰਦੇ ਹੋਏ ਵੀ ਉਨ੍ਹਾਂ ਦੇ ਮਰੀਜ਼ ਨੂੰ ਮੋਹਾਲੀ ਹਸਪਤਾਲ ਵਿੱਚ ਜਾਣਾ ਪੈਂਦਾ ਹੈ।
ਸਥਾਨਕ ਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਹਰ ਵਾਰ ਉਮੀਦਵਾਰ ਵਿਕਾਸ ਪਿੰਡ ਦਾ ਵਿਕਾਸ ਕਰਵਾਉਣ ਦੀ ਗੱਲ ਤਾਂ ਕਰਦੇ ਹਨ ਪਰ ਜਿੱਤਣ ਮਗਰੋਂ ਕੋਈ ਵੀ ਪਿੰਡ ਦਾ ਵਿਕਾਸ ਨਹੀਂ ਕਰਵਾਉਂਦਾ। ਕਾਂਸਲ ਪਿੰਡ ਦੇ ਬੱਚਿਆਂ ਨੂੰ ਚੰਡੀਗੜ੍ਹ ਦੇ ਸਕੂਲਾਂ ਵਿੱਚ ਐਡਮਿਸ਼ਨ ਤੱਕ ਨਹੀਂ ਦਿੱਤੀ ਜਾਂਦੀ ਤੇ ਮੋਹਾਲੀ ਉਨ੍ਹਾਂ ਦੇ ਪਿੰਡ ਤੋਂ ਕਾਫੀ ਦੂਰ ਪੈਂਦਾ ਹੈ ਤੇ ਨਾ ਹੀ ਪਿੰਡ ਵਿੱਚ ਕੋਈ ਡਿਸਪੈਂਸਰੀ ਹੈ ਜਿਸ ਕਾਰਨ ਉਨ੍ਹਾਂ ਨੂੰ ਕੋਈ ਸਿਹਤ ਸਹੂਲਤ ਮਿਲ ਸਕੇ ਅਤੇ ਮਿਊਂਸੀਪਲ ਕਮੇਟੀ ਦੇ ਅਧਿਕਾਰੀਆਂ ਨੂੰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਰੇਂਗਦੀ।
ਪਿੰਡ ਦੇ ਇੱਕ ਨੌਜਵਾਨ ਨੇ ਕਿਹਾ ਕਿ ਕਾਂਸਲ ਪਿੰਡ ਦੀ ਹਰ ਐਂਟਰੀ ਪੁਆਇੰਟ ਉੱਤੇ ਠੇਕੇ ਖੋਲ੍ਹੇ ਹੋਏ ਹਨ, ਜੋ ਕਿ ਬੰਦ ਹੋਣੇ ਚਾਹੀਦੇ ਹਨ ਕਿਉਂਕਿ ਨਜਾਇਜ਼ ਸ਼ਰਾਬ ਸਣੇ ਲੋਕਾਂ ਵੱਲੋਂ ਲੜਾਈਆਂ ਕੀਤੀਆਂ ਜਾਂਦੀਆਂ ਹਨ।