ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੋਧ ਜਾਰੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਥਾਣਾ ਲੌਂਗੋਵਾਲ ਜਿਲਾ ਸੰਗਰੂਰ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਰਾਮ ਸਿੰਘ ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਸਬ-ਇੰਸਪੈਕਟਰ ਨੂੰ ਲੌਂਗੋਵਾਲ ਨਿਵਾਸੀ ਹਰਵਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੂਚਨਾ ਦਿੱਤੀ ਸੀ ਕਿ ਉਸਨੇ ਚੋਰੀ ਦੀ ਭਾਲ ਬਾਰੇ ਪੁਲਿਸ ਨੂੰ ਅਰਜ਼ੀ ਦਿੱਤੀ ਸੀ ਪਰ ਉਕਤ ਸਬ-ਇੰਸਪੈਕਟਰ ਉਸ ਤੋਂ ਕਾਰਵਾਈ ਕਰਨ ਬਦਲੇ 5,000 ਰੁਪਏ ਦੀ ਰਿਸ਼ਵਤ ਪਹਿਲਾਂ ਹੀ ਲੈ ਚੁੱਕਾ ਹੈ ਅਤੇ ਹੁਣ ਪਰਚਾ ਦਰਜ ਕਰਨ ਲਈ 5,000 ਰੁਪਏ ਹੋਰ ਮੰਗ ਕਰ ਰਿਹਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿਚਲੇ ਤੱਥਾਂ ਅਤੇ ਅਸਲ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧ ਵਿੱਚ ਉਕਤ ਪੁਲਿਸ ਮੁਲਾਜਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਪਟਿਆਲਾ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਅਰੰਭ ਦਿੱਤੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਪਹੁੰਚੇ ਬਿਕਰਮ ਮਜੀਠੀਆ