ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਸਦਨ ਵਿੱਚ ਕਾਫ਼ੀ ਹੰਗਾਮਾ ਹੋਇਆ ਤੇ ਕਾਂਗਰਸ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਹੱਥਾਂ ਵਿੱਚ ਛਣਕਣੇ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਬੈਂਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਘਪਲਿਆਂ ਦੀ ਇੱਕ ਦੂਜੇ ਨਾਲ ਡੀਲ ਕੀਤੀ ਹੈ।
ਬਲਵਿੰਦਰ ਬੈਂਸ ਨੇ ਕਿਹਾ ਕਿ ਛਣਕਣੇ ਖੜਕਾਉਣ ਦੀ ਲੋੜ ਇਸ ਕਰਕੇ ਪਈ ਕਿਉਂਕਿ, ਲੋਕ ਕਹਿੰਦੇ ਉਹ ਫ਼ੈਸਲੇ ਕਰਕੇ ਗਏ ਪਰ ਮੈਂ ਕਹਿੰਦਾ ਉਹ ਡੀਲ ਕਰਕੇ ਗਏ ਹਨ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਯੂਨੀਵਰਸਿਟੀਆਂ ਖੁਲ੍ਹੀਆਂ, ਉਹ ਸਭ ਕੁਝ ਡੀਲ ਹੈ। ਅਜਿਹੀ ਹਾਲਤ ਬਿਜਲੀ ਦੀ ਹੈ, ਸਾਰੀ ਬਿਜਲੀ ਇੱਕ ਡੀਲ ਦੇ ਤਹਿਤ ਖ਼ਰੀਦੀ ਗਈ, ਜਿੰਨੇ ਸਾਲ ਦਾ ਐਗਰੀਮੈਂਟ ਸੀ, ਉਹ ਇਜ਼ਾਫਾ ਲੈ ਗਏ।
ਕੈਪਟਨ ਸਰਕਾਰ ਨੇ ਚੋਣ ਮੈਨੀਫ਼ੈਸਟੋ ਵਿੱਚ ਬਿਜਲੀ ਦੇ ਥਰਮਲ ਪਲਾਂਟਾਂ ਦੇ ਐਗਰੀਮੈਂਟ ਨੂੰ ਕੈਂਸਲ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਕੁਝ ਨਹੀਂ ਹੋਇਆ, ਸਰਕਾਰ ਕੈਂਸਲ ਲ਼ਈ ਕਿੰਨਾ ਕੁ ਔਖਾ ਹੈ, ਪਰ ਕੁਝ ਨਹੀਂ ਹੋਇਆ। ਬੈਂਸ ਨੇ ਕਿਹਾ ਕਿ ਜਿਹੜਾ ਪੈਸਾ ਪਹਿਲਾਂ ਅਕਾਲੀਆਂ ਦੇ ਘਰ ਜਾਂਦਾ ਸੀ, ਹੁਣ ਉਹ ਕੈਪਟਨ ਕੋਲ ਜਾ ਰਿਹਾ ਹੈ, ਤਾਂ ਕਰਕੇ ਇਹ ਰੌਲਾ ਪਾ ਰਹੇ ਹਨ।
ਇਸ ਤੋਂ ਇਲਾਵਾ ਬਲਵਿੰਦਰ ਬੈਂਸ ਨੇ ਕਿਹਾ ਕਿ ਕੋਲ ਵਾਸ਼ ਘੁਟਾਲੇ ਦੀ ਨਾ ਹੀ ਅਕਾਲੀਆਂ ਤੇ ਨਾ ਹੀ ਕਾਂਗਰਸੀਆਂ ਨੇ ਕੋਈ ਜਾਂਚ ਕਰਾਉਣੀ ਹੈ, ਇਹ ਤਾਂ ਸਿਰਫ਼ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿਣ ਲਈ ਕੰਮ ਸਾਰ ਰਹੇ ਹਨ। ਬੈਂਸ ਨੇ ਅਕਾਲੀਆਂ ਤੇ ਕਾਂਗਰਸੀਆਂ ਵਿਰੁੱਧ ਕਾਫ਼ੀ ਨਿਸ਼ਾਨੇ ਸਾਧੇ।
ਦੱਸ ਦਈਏ, ਜਦੋਂ ਵੀ ਕੋਈ ਇਜਲਾਸ ਸ਼ੁਰੂ ਹੁੰਦਾ ਹੈ, ਜਾਂ ਵੋਟਾਂ ਆਉਂਦੀਆਂ ਹਨ ਤਾਂ ਵਿਰੋਧੀ ਧਿਰਾਂ ਦੇ ਨਿਸ਼ਾਨੇ ਤਿੱਖੇ ਹੋ ਜਾਂਦੇ ਹਨ, ਪਰ ਲੋਕਾਂ ਨੂੰ ਹੋ ਰਹੀਆਂ ਮੁਸ਼ਕਿਲਾਂ ਦਾ ਕੋਈ ਹੱਲ ਨਹੀਂ ਕੱਢਿਆ ਜਾਂਦਾ ਤੇ ਅੱਜ ਵੀ ਸਦਨ ਵਿੱਚ ਕੁਝ ਅਜਿਹਾ ਹੋਇਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਸਰਕਾਰ ਇਸ ਦਾ ਕੋਈ ਹੱਲ ਕੱਢਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ?