ਚੰਡੀਗੜ੍ਹ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਰਕਾਰੀ ਰਿਹਾਇਸ਼ ਵਿਖੇ ਅੱਜ ਸਵੇਰ ਤੋਂ ਦੁਪਹਿਰ ਤੱਕ ਵਿਧਾਇਕਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਰਿਹਾ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ, ਰਾਜਾ ਵੜਿੰਗ, ਮਦਨ ਲਾਲ ਜਲਾਲਪੁਰ, ਕੁਲਬੀਰ ਜ਼ੀਰਾ ਥੋੜ੍ਹੇ ਸਮੇਂ ਤੱਕ ਬੈਠਕ ਕਰਨ ਤੋਂ ਬਾਅਦ ਚਲਦੇ ਬਣੇ ਤਾਂ ਉੱਥੇ ਹੀ ਤਕਰੀਬਨ ਦੋ ਘੰਟੇ ਤੱਕ ਵਿਧਾਇਕ ਬਰਿੰਦਰਮੀਤ ਪਾਹੜਾ, ਦਰਸ਼ਨ ਬਰਾੜ, ਦਵਿੰਦਰ ਘੁਬਾਇਆ ਅਤੇ ਪ੍ਰੀਤਮ ਕੋਟ ਭਾਈਕੇ ਨੇ ਕੈਬਿਨੇਟ ਮੰਤਰੀ ਨਾਲ ਬੈਠਕ ਕੀਤੀ।
ਹਾਲਾਂਕਿ ਮੀਡੀਆ ਸਾਹਮਣੇ ਰਾਜਾ ਵੜਿੰਗ ਅਤੇ ਜੋਗਿੰਦਰ ਭੋਆ ਨੇ ਹੀ ਗੱਲਬਾਤ ਕੀਤੀ ਪਰ ਬੈਠਕ ਬਾਰੇ ਅਸਲ ਗੱਲ ਦਾ ਜਵਾਬ ਕਿਸੇ ਵੀ ਵਿਧਾਇਕ ਵਲੋਂ ਨਹੀਂ ਦਿੱਤਾ ਗਿਆ। ਇਸ ਮੌਕੇ ਵਿਧਾਇਕ ਜੋਗਿੰਦਰ ਭੋਆ ਨੂੰ ਬੇਅਦਬੀ ਮਾਮਲਿਆਂ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਿਰਫ਼ ਇੰਨਾ ਕਿਹਾ ਕਿ ਉਨ੍ਹਾਂ ਦੇ ਪਠਾਨਕੋਟ ਹਲਕੇ 'ਚ ਜ਼ਿਆਦਾਤਰ ਹਿੰਦੂ ਵੋਟਰ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਸਿੱਖ ਵੋਟਰ ਵਾਲੀ ਬੈਲਟ 'ਚ ਅਸਰ ਜ਼ਿਆਦਾ ਹੈ।
ਇਸ ਮੌਕੇ ਜੋਗਿੰਦਰ ਭੋਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਐੱਸ.ਆਈ.ਟੀ ਵੱਲੋਂ ਪਨਤਾਲੀ ਦਿਨਾਂ ਦੇ ਅੰਦਰ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਐੱਸ.ਆਈ.ਟੀ ਕੀ ਰਿਪੋਰਟ ਦਿੰਦੀ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਵਲੋਂ ਕੈਪਟਨ ਸੰਦੀਪ ਸੰਧੂ 'ਤੇ ਲਗਾਏ ਇਲਜ਼ਾਮਾਂ ਨੂੰ ਲੈਕੇ ਵਿਧਾਇਕ ਭੋਆ ਵਲੋਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਮੌਕੇ ਜਦੋਂ ਈਟੀਵੀ ਭਾਰਤ ਵੱਲੋਂ ਵਿਧਾਇਕ ਜੋਗਿੰਦਰ ਨੂੰ ਸਵਾਲ ਕੀਤਾ ਗਿਆ ਕਿ ਉਨ੍ਹਾਂ ਦਾ ਹਲਕਾ ਹਿੰਦੂ ਬੈਲਟ ਹੈ, ਇਸੀ ਕਾਰਨ ਉੱਥੇ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਤਾਂ ਉਨ੍ਹਾਂ ਨੇ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਪਲਟਦਿਆਂ ਕਿਹਾ ਕਿ ਬਾਬਾ ਨਾਨਕ ਹਰ ਕਿਸੀ ਦੇ ਹਨ ਉਨ੍ਹਾਂ ਦੇ ਹਲਕੇ ਵਿੱਚ ਵੀ ਸਿੱਖ ਵੋਟਰ ਹਨ।
ਇਹ ਵੀ ਪੜ੍ਹੋ:Youtuber ਪਾਰਸ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰਨ ਦੀ ਕੀਤੀ ਪੁਸ਼ਟੀ