ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਟਿਆਲਾ ਦੇ ਬੱਸ ਅੱਡੇ ਅਤੇ ਪੀ.ਆਰ.ਟੀ.ਸੀ. ਦੇ ਪਟਿਆਲਾ ਡਿਪੂ ਦਾ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਥੇ ਡਰਾਇਵਰਾਂ ਅਤੇ ਕੰਡਕਟਰਾਂ ਨਾਲ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣੀਆਂ ਅਤੇ ਬੱਸ ਅੱਡੇ ਵਿਖੇ ਜਨਤਕ ਸਹੂਲਤਾਂ ਦਾ ਜਾਇਜ਼ਾ ਲੈਣ ਸਮੇਤ ਸਵਾਰੀਆਂ ਨਾਲ ਗੱਲਬਾਤ ਕਰਕੇ ਸਰਕਾਰੀ ਬੱਸਾਂ 'ਚ ਸਫ਼ਰ ਸਹੂਲਤ ਸਬੰਧੀਂ ਫੀਡਬੈਕ ਹਾਸਲ ਕੀਤੀ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਠੇਕੇ 'ਤੇ ਕੰਮ ਕਰਦੇ ਡਰਾਇਵਰਾਂ ਤੇ ਕੰਡਕਟਰਾਂ ਦੀਆਂ ਉਜ਼ਰਤਾਂ 'ਚ 30 ਫ਼ੀਸਦੀ ਇਜ਼ਾਫ਼ਾ ਕੀਤਾ ਹੈ ਅਤੇ 5 ਫ਼ੀਸਦੀ ਸਾਲਾਨਾ ਵਾਧਾ ਵੀ ਲਾਗੂ ਕੀਤਾ ਹੈ। ਇਸ ਤੋਂ ਬਿਨਾਂ ਠੇਕਾ ਅਧਾਰਤ ਕਾਮਿਆਂ ਨੂੰ ਪੱਕਾ ਕਰਨ ਲਈ ਵੀ ਕੇਸ ਨੂੰ ਹਾਂ ਪੱਖੀ ਢੰਗ ਨਾਲ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਨਾਜਾਇਜ਼ ਬੱਸ ਮਾਫ਼ੀਆ ਦੇ ਖ਼ਾਤਮੇ ਲਈ ਸਰਕਾਰੀ ਬੱਸਾਂ ਦੇ ਡਰਾਇਵਰਾਂ ਤੇ ਕੰਡਕਟਰਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਤਾਂ ਕਿ ਸਰਕਾਰੀ ਅਦਾਰਿਆਂ ਦਾ ਮਾਲੀਆ ਵਧ ਸਕੇ ਅਤੇ ਲੋਕਾਂ ਨੂੰ ਹੋਰ ਬਿਹਤਰ ਸਫ਼ਰ ਸਹੂਲਤ ਮੁਹੱਈਆ ਕਰਵਾਈ ਜਾ ਸਕੇ।
ਇਸ ਮੌਕੇ ਠੇਕੇ 'ਤੇ ਕੰਮ ਕਰਦੇ ਕੰਡਕਟਰ ਪਰਮਜੀਤ ਸਿੰਘ ਨੇ ਆਪਣੀਆਂ ਮੁਸ਼ਕਿਲਾਂ ਟਰਾਂਸਪੋਰਟ ਮੰਤਰੀ ਨੂੰ ਦੱਸੀਆਂ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਹਨ, ਉਦੋਂ ਤੋਂ ਉਨ੍ਹਾਂ ਦਾ ਆਪਣੇ ਕੰਮ ਅਤੇ ਸਰਕਾਰ ਪ੍ਰਤੀ ਵਿਸ਼ਵਾਸ਼ 'ਚ ਹੋਰ ਵੀ ਵਾਧਾ ਹੋਇਆ ਹੈ ਜਿਸ ਲਈ ਉਹ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਸਮੁੱਚੇ ਡਰਾਇਵਰ ਤੇ ਕੰਡਕਟਰ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਇਸ ਮੌਕੇ ਪੀਆਰਟੀਸੀ 'ਚ ਠੇਕੇ 'ਤੇ ਕੰਮ ਕਰਦੇ ਕੰਡਕਟਰ ਮਿਲਖਾ ਸਿੰਘ ਦਾ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਬਦਲੇ 5100 ਰੁਪਏ ਦੇ ਨਗ਼ਦ ਇਨਾਮ ਨਾਲ ਵਿਸ਼ੇਸ਼ ਸਨਮਾਨ ਕੀਤਾ।
ਪਟਿਆਲਾ ਬੱਸ ਅੱਡੇ ਵਿਖੇ ਟਰਾਂਸਪੋਰਟ ਮੰਤਰੀ ਨੇ ਸਰਕਾਰੀ ਬੱਸ ਅੱਡਿਆਂ ਵਿਖੇ ਸਥਿਤ ਖਾਣ-ਪੀਣ ਦੀਆਂ ਦੁਕਾਨਾਂ ਤੋਂ ਲੋਕਾਂ ਨੂੰ ਸਮਾਨ ਵੱਧ ਰੇਟ 'ਤੇ ਵੇਚੇ ਜਾਣ ਦੀਆਂ ਸੋਸ਼ਲ ਮੀਡੀਆ 'ਤੇ ਸ਼ਿਕਾਇਤਾਂ ਮਿਲਣ ਦਾ ਗੰਭੀਰ ਨੋਟਿਸ ਲਿਆ। ਨਾਲ ਹੀ ਉਨ੍ਹਾਂ ਨੇ ਏਐਮਡੀ ਅਤੇ ਜੀਐਮਜ ਨੂੰ ਹਦਾਇਤ ਕੀਤੀ ਕਿ ਇਸ ਸਬੰਧੀਂ ਬਾਕਾਇਦਾ ਨਿਰੀਖਣ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਉਨ੍ਹਾਂ ਨੇ ਸਰਕਾਰੀ ਬੱਸਾਂ ਦੀ ਓਵਰ ਸਪੀਡ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ, ਬੱਸਾਂ ਗਤੀ ਨੂੰ ਨਿਯਮਤ ਕਰਨ ਲਈ ਲਗਾਏ ਗਏ ਵੀ.ਟੀ.ਐਸ. ਸਿਸਟਮ ਦਾ ਵੀ ਨਿਰੰਤਰ ਜਾਇਜ਼ਾ ਲੈਂਦੇ ਰਹਿਣ ਦੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਰਾਜਾ ਵੜਿੰਗ ਨੇ ਗੁਸਲਖਾਨੇ ਅਤੇ ਬੱਸ ਅੱਡੇ 'ਚ ਮੁਸਾਫ਼ਰਾਂ ਦੀ ਸਹੂਲਤ ਲਈ ਬਣਾਏ ਜਨਤਕ ਗੁਸਲਖ਼ਾਨਿਆਂ ਅਤੇ ਬੱਸ ਅੱਡੇ 'ਚ ਸਫ਼ਾਈ ਦਾ ਜਾਇਜ਼ਾ ਲੈਣ ਬਾਅਦ, ਅੱਡੇ 'ਚ ਸਥਿਤ ਚਾਹ ਦੀ ਦੁਕਾਨ 'ਤੇ ਖ਼ੁਦ ਚਾਹ ਪੀ ਕੇ, ਇੱਥੇ ਬਣਦੀ ਚਾਹ ਦੀ ਗੁਣਵੱਤਾ ਦਾ ਜਾਇਜ਼ਾ ਵੀ ਲਿਆ।
ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਸੂਬੇ ਅੰਦਰ ਬਿਨਾਂ ਪਰਮਿਟ ਤੇ ਨਾਜਾਇਜ਼ ਬੱਸਾਂ 'ਤੇ ਲਗਾਮ ਕਸਣ ਨਾਲ ਸਰਕਾਰੀ ਬੱਸਾਂ ਦੀ ਬੁਕਿੰਗ 'ਚ ਵਾਧਾ ਹੋਇਆ ਹੈ ਅਤੇ ਪੀ.ਆਰ.ਟੀ.ਸੀ. ਦੀ ਰੋਜ਼ਾਨਾ ਆਮਦਨ 1.70 ਕਰੋੜ ਰੁਪਏ ਤੋਂ 1.87 ਕਰੋੜ ਰੁਪਏ ਹੋ ਗਈ ਹੈ।ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਿੱਜੀ ਟਰਾਂਸਪੋਰਟਰਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਹੀ ਸੂਬੇ ਵਿੱਚੋਂ ਬੱਸ ਮਾਫ਼ੀਆ ਦਾ ਖਾਤਮਾ ਕੀਤਾ ਜਾਵੇਗਾ, ਜਿਸ ਲਈ ਆਰ.ਟੀ.ਏਜ ਦੇ ਨਾਲ-ਨਾਲ ਜੀ.ਐਮਜ ਨੂੰ ਵੀ ਆਪਣੇ ਬੱਸ ਅੱਡੇ ਦੇ 500 ਮੀਟਰ ਦੇ ਘੇਰੇ ਅੰਦਰ-ਅੰਦਰ ਨਾਜਾਇਜ਼ ਤੇ ਬਿਨਾਂ ਪਰਮਿਟ ਬੱਸਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ ਕਰਕੇ ਪ੍ਰਭਾਵਿਤ ਹੋਈਆਂ ਨਿੱਜੀ ਬੱਸ ਕੰਪਨੀਆਂ ਨੂੰ 100 ਕਰੋੜ ਰੁਪਏ ਦੀ ਟੈਕਸ 'ਚ ਮੁਆਫ਼ੀ ਦਿੱਤੀ ਗਈ ਸੀ ਪਰੰਤੂ ਜੇਕਰ ਉਹ ਹੁਣ ਵੀ ਟੈਕਸ ਨਹੀਂ ਭਰਨਗੇ ਤਾਂ ਸਖ਼ਤੀ ਵਰਤੀ ਜਾਵੇਗੀ ਤੇ ਨਾਜਾਇਜ਼ ਤੇ ਬਿਨ੍ਹਾਂ ਟੈਕਸ ਚੱਲਦੀਆਂ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ, ਪੀ.ਆਰ.ਟੀ.ਸੀ., ਪੰਜਾਬ ਰੋਡਵੇਜ ਅਤੇ ਟਰਾਂਸਪੋਰਟ ਮਹਿਕਮੇ ਨੂੰ ਤਰੱਕੀ ਦੀਆਂ ਲੀਹਾਂ 'ਤੇ ਲਿਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸਰਕਾਰੀ ਬੱਸਾਂ ਦੇ ਬੇੜੇ 'ਚ 842 ਬੱਸਾਂ ਦਾ ਵਾਧਾ ਬਹੁਤ ਜਲਦ ਕੀਤਾ ਜਾ ਰਿਹਾ ਹੈ, ਜਿਸ 'ਚੋਂ ਪੰਜਾਬ ਰੋਡਵੇਜ ਪਨਬਸ 'ਚ 587 ਅਤੇ ਪੀ.ਆਰ.ਟੀ.ਸੀ. ਦੇ ਬੇੜੇ 'ਚ 255 ਬੱਸਾਂ ਪਾਈਆਂ ਜਾ ਰਹੀਆਂ ਹਨ।
ਰਾਜਾ ਵੜਿੰਗ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੱਕ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਪਹੁੰਚ ਬਣਾਉਣ ਲਈ ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖਿਆ ਸੀ ਪਰੰਤੂ ਉਹ ਜਲਦੀ ਹੀ ਅਰਵਿੰਦ ਕੇਜਰੀਵਾਲ ਨੂੰ ਮਿਲਕੇ ਵੀ ਇਹ ਮਾਮਲਾ ਹੱਲ ਕਰਵਾਉਣ ਲਈ ਯਤਨ ਕਰਨਗੇ।
ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਸੰਯੁਕਤ ਕਿਸਾਨ ਮੋਰਚੇ ਨੇ ਪ੍ਰੈਸ ਕਾਨਫਰੰਸ 'ਚ ਰੱਖੇ ਇਹ ਵੱਡੇ ਵਿਚਾਰ