ਚੰਡੀਗੜ੍ਹ: ਗੋਇੰਦਵਾਲ ਤੇ ਸੰਗਰੂਰ ਦੇ ਐਸਡੀਐਮ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਤਰੀਕੇ ਦਾ ਲਾਊਡ ਸਪੀਕਰ ਜਾਂ ਸਾਜ਼ੋ ਸਾਮਾਨ ਨਾ ਦੇਣ ਬਾਬਤ ਟੈਂਟ ਹਾਊਸ ਮਾਲਕਾਂ ਨੂੰ ਜਾਰੀ ਕੀਤੀ ਚਿੱਠੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ।
ਚੰਡੀਗੜ੍ਹ ਦੇ ਸੈਕਟਰ-39 ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਤੇ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੈੱਸਵਾਰਤਾ ਕਰ ਮੁੱਖ ਮੰਤਰੀ 'ਤੇ ਨਿਸ਼ਾਨੇ ਸਾਧੇ।
ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਖੁਸ਼ ਕਰਨ ਲਈ ਹੀ ਇਹ ਆੜਤੀਆਂ 'ਤੇ ਰੇਡ ਕਰਵਾ ਰਹੇ ਹਨ। ਕਿਉਂਕਿ ਉਨ੍ਹਾਂ ਦਾ ਪਰਿਵਾਰ ਖੁਦ ਈਡੀ ਦੇ ਮਾਮਲਿਆਂ 'ਚ ਘਿਰਿਆ ਹੋਇਆ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ 'ਆਪ' ਦੇ ਕਾਲ ਸੈਂਟਰ ਬੰਦ ਕਰਵਾ ਕੇ ਖੁਦ ਸਰਕਾਰ ਕਿਸਾਨਾਂ ਲਈ ਸਕੀਮਾਂ ਤੇ ਹੋਰ ਕਿਸਾਨੀ ਸੰਘਰਸ਼ ਨੂੰ ਸਮਰਥਨ ਦੀਆਂ ਕਾਲਾਂ ਕਰ ਰਹੇ ਹਨ ਪਰ ਅੱਜ-ਕੱਲ੍ਹ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਲੋਕਾਂ ਨੂੰ ਸਭ ਕੁਝ ਪਤਾ ਚੱਲ ਰਿਹਾ ਕਿ ਕੋਣ ਸੱਚ ਬੋਲ ਰਿਹਾ ਹੈ ਤੇ ਕੋਣ ਝੂਠ ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੱਲੋਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਿੱਤੇ ਬਿਆਨ 'ਤੇ ਪਲਟਵਾਰ ਕਰਦਿਆਂ ਮਨਜੀਤ ਬਿਲਾਸਪੁਰ ਨੇ ਕਿਹਾ ਕਿ ਕਿਸਾਨਾਂ ਨੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੀ ਮੰਗ ਕੀਤੀ ਹੀ ਨਹੀਂ ਤਾਂ ਸਰਕਾਰ ਜਾਣਬੁਝ ਕਿਉਂ ਕਾਨੂੰਨ ਥੋਪਣਾ ਚਾਹੁੰਦੀ ਹੈ। ਸਰਕਾਰ ਨੂੰ ਨਵੇਂ ਖੇਤੀਬਾੜੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਜੇਕਰ ਉਹ ਰੱਦ ਕਰਨ ਦਾ ਐਲਾਨ ਕਰਦੇ ਨੇ ਤਾਂ ਸਾਰਾ ਪੰਜਾਬ ਮੁੜ ਆਪਣੇ ਖੇਤਾਂ ਵਿੱਚ ਆ ਕੇ ਕੰਮ ਕਰਨ ਲੱਗ ਪਵੇਗਾ।