ਚੰਡੀਗੜ੍ਹ : ਵਿਵਾਦਾਂ 'ਚ ਘਿਰੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਹੈ। ਸੀਐਮ ਨਾਲ ਮੁਲਾਕਾਤ ਤੋਂ ਪਹਿਲਾਂ ਹਰੀਸ਼ ਰਾਵਤ ਦਾ ਵਿਰੋਧੀਆਂ 'ਤੇ ਤਿੱਖਾ ਹਮਲਾ ਕੀਤਾ ਹੈ।
ਸੀਐਮ ਨਾਲ ਮੁਲਾਕਾਤ ਤੋਂ ਪਹਿਲਾਂ ਹਰੀਸ਼ ਰਾਵਤ ਮੀਡੀਆ ਦੇ ਰੁਬਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ ਵੱਲੋਂ ਮੁਆਫੀ ਮੰਗੇ ਜਾਣ ਦੇ ਵਿਸ਼ੇ 'ਤੇ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਕਾਂਗਰਸ ਦੇ ਵਿਰੋਧੀ ਧਿਰਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਤੇ ਹੋਰਨਾਂ ਵਿਰੋਧੀ ਦਲ ਪਹਿਲਾਂ ਆਪਣੇ ਕਾਰਜਾਂ ਵੱਲ ਝਾਤ ਮਾਰਨ। ਜਿਨ੍ਹਾਂ ਨੇ ਗੁਰੂ ਦੇ ਭਗਤਾਂ 'ਤੇ ਹਮਲਾ ਕਰਵਾਇਆ ਹੋਵੇ, ਉਹ ਸਾਨੂੰ ਮੁਆਫੀ ਮੰਗਣ ਲਈ ਨਹੀਂ ਕਹਿ ਸਕਦੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ " ਪੰਜ ਪਿਆਰੇ " ਸ਼ਬਦ ਨੂੰ ਸਨਮਾਨਜਨਕ ਸਮਝ ਕੇ ਕਿਹਾ ਸੀ, ਪਰ ਜੇਕਰ ਉਨ੍ਹਾਂ ਵੱਲੋਂ ਕਹੇ ਸ਼ਬਦਾਂ ਰਾਹੀਂ ਕਿਸੇ ਵੀ ਵਿਅਕਤੀ ਦੇ ਮਨ ਨੂੰ ਠੇਸ ਪੁੱਜਦੀ ਹੈ ਤਾਂ ਉਹ ਇਸ ਦੇ ਲਈ ਤਹੇ ਦਿਲੋਂ ਮੁਆਫ਼ੀ ਮੰਗਦੇ ਹਨ। ਇਸ ਗ਼ਲਤੀ ਦੇ ਪਛਤਾਵੇ ਵਜੋਂ ਆਪਣੇ ਸੂਬੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਝਾੜੂ ਲਾਉਣ ਦੀ ਸੇਵਾ ਕਰਨਗੇ।
ਦੱਸਣਯੋਗ ਹੈ ਕਿ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਾਰਜਕਾਰੀ ਪ੍ਰਧਾਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਨੂੰ 'ਪੰਜ ਪਿਆਰੇ' ਦੱਸਿਆ। ਜਿਸ ਤੋਂ ਬਾਅਦ ਮਾਮਲਾ ਕਾਫੀ ਭਖ ਗਿਆ। ਮਾਮਲੇ ਨੂੰ ਜਿਆਦਾ ਭਖਦਾ ਹੋਏ ਦੇਖਦੇ ਹੋਏ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੁਆਫੀ ਮੰਗ ਲਈ ਹੈ, ਪਰ ਵਿਰੋਧੀ ਧਿਰਾਂ ਵੱਲੋਂ ਉਨ੍ਹਾਂ 'ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਹ ਵੀ ਪੜ੍ਹੋ : ਵਿਵਾਦਾਂ ’ਚ ਘਿਰੇ ਹਰੀਸ਼ ਰਾਵਤ ਨੇ ਮੰਗੀ ਮੁਆਫੀ