ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਕਲ ਫੌਰ ਲੋਕਲ ਦਾ ਨਾਅਰਾ ਦਿੱਤਾ ਸੀ ਕਿ ਆਪਣੇ ਦੇਸ਼ ਵਿੱਚ ਬਣ ਰਹੀਆਂ ਚੀਜ਼ਾਂ ਨੂੰ ਅਪਣਾਓ ਅਤੇ ਉਨ੍ਹਾਂ ਨੂੰ ਹੀ ਖਰੀਦੋ। ਇਸ ਵਾਰ ਚੰਡੀਗੜ੍ਹ ਵਿੱਚ ਲੋਕਾਂ ਦਾ ਰੁਝਾਨ ਮਿੱਟੀ ਦੀਆਂ ਸਜਾਵਟੀ ਵਸਤੂਆਂ ਵੱਲ ਵਧੇਰੇ ਹੈ। ਲੋਕ ਦੀਵਾਲੀ ਉੱਤੇ ਘਰ ਨੂੰ ਸਜਾਉਣ ਲਈ ਮਿੱਟੀ ਦਾ ਬਹੁਤ ਸਾਰਾ ਸਾਮਾਨ ਜਿਵੇਂ ਦੀਵੇ, ਮੂਰਤੀਆਂ, ਗਮਲੇ ਅਤੇ ਹੋਰ ਵੀ ਬਹੁਤ ਕੁਝ ਖਰੀਦ ਰਹੇ ਹਨ। ਇਨ੍ਹਾਂ ਨੂੰ ਖਰੀਦਣ ਲਈ ਲੋਕਾਂ ਦੀ ਖਾਸੀ ਭੀੜ ਲੱਗੀ ਹੋਈ ਹੈ।
ਮਿੱਟੀ ਦੇ ਸਾਮਾਨ ਦੇ ਗੋਦਾਮ ਦੇ ਮਾਲਕ ਸੁਰਿੰਦਰ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਨੂੰ ਦੀਵਾਲੀ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਹੀ ਲੋਕ ਘਰ ਦੀ ਸਜਾਵਟ ਦਾ ਸਮਾਨ ਖਰੀਦੇ ਹਨ ਅਤੇ ਉਨ੍ਹਾਂ ਦੀ ਮਿੱਟੀ ਦੀਆਂ ਚੀਜ਼ਾਂ ਵਿਕਣੀਆਂ ਸ਼ੁਰੂ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਵਾਰ ਵੈਰਾਇਟੀ ਦੇ ਵਿੱਚ ਬਹੁਤ ਕੁਝ ਲੈ ਕੇ ਆਏ ਹਨ। ਇਸ ਵਾਰ ਉਨ੍ਹਾਂ ਦਾ ਮਾਲ ਕਲਕੱਤਾ, ਬੰਗਾਲ, ਰਾਜਸਥਾਨ, ਕਰਨਾਟਕ ਅਤੇ ਹੋਰ ਵੀ ਵੱਖ-ਵੱਖ ਸੂਬਿਆਂ ਤੋਂ ਲਿਆਂਦਾ ਗਿਆ ਹੈ ਜਿਸ ਨਾਲ ਘਰ ਦੀ ਸਜਾਵਟ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਖਾਸਾ ਰਿਸਪਾਂਸ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੋਕਲ ਫੌਰ ਲੋਕਲ ਦੀ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਅਸੀਂ ਇਨ੍ਹਾਂ ਚੀਜ਼ਾਂ ਨੂੰ ਬਣਾਉਣਾ ਸ਼ੁਰੂ ਕੀਤਾ ਅਤੇ ਵੱਡੀ ਗਿਣਤੀ ਦੇ ਵਿੱਚ ਅਸੀਂ ਮਿੱਟੀ ਦਾ ਸਾਮਾਨ ਤਿਆਰ ਕੀਤਾ ਹੈ ਅਤੇ ਲੋਕ ਹੁਣ ਇਸ ਨੂੰ ਖਰੀਦ ਰਹੇ ਹਨ।