ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਸਪੈਸ਼ਲ ਸੈਸ਼ਨ ਸ਼ੁੱਕਰਵਾਰ ਨੂੰ ਬੁਲਾਇਆ ਗਿਆ ਸੀ। ਸ਼ਰਧਾਂਜਲੀ ਅਤੇ ਰਾਜਪਾਲ ਦੇ ਸਨਮਾਨ ਸਮਾਗਮ ਦਾ ਸਮਾਂ ਕੱਢਿਆ ਜਾਵੇ ਤਾਂ ਇਹ ਸੈਸ਼ਨ ਸਿਰਫ਼ ਤਿੰਨ ਮਿੰਟ ਹੀ ਚੱਲਿਆ।
1 ਵਜੇ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮੋਹਿੰਦਰਾ ਸੈਸ਼ਨ ਮੁਲਤਵੀ ਕਰਨ ਦਾ ਪ੍ਰਸਤਾਵ ਲਾਏ ਸਪੀਕਰ ਰਾਣਾ ਕੇਪੀ ਸਿੰਘ ਨੇ ਮਨਜ਼ੂਰ ਕਰ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਜਿਸਤੇ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਦਰਅਸਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸੈਸ਼ਨ ਦੀ ਕਾਰਵਾਈ ਵਧਾਈ ਜਾਵੇਗੀ ਜਾਂ ਨਹੀਂ? ਸਰਕਾਰ ਵੱਲੋਂ ਕਿਹਾ ਜਾਵੇਗਾ ਕਿ ਅੱਜ ਦਾ ਦਿਨ ਛੱਡਕੇ ਸੋਮਵਾਰ ਨੂੰ ਪੰਜਾਬ ਦਾ ਮੌਨਸੂਨ ਸੈਸ਼ਨ ਬੁਲਾਇਆ ਜਾਵੇਗਾ। ਪਰ ਅਜਿਹਾ ਕੁਝ ਨਹੀਂ ਹੋਇਆ।
ਕਾਂਗਰਸ ਵਿਧਾਇਕ ਸਰਕਾਰ ਨਾ ਗਿਰਾ ਦੇਣ ਇਸ ਕਰਕੇ ਸੈਸ਼ਨ ਮੁਲਤਵੀ ਕੀਤਾ ਗਿਆ: ਅਕਾਲੀ ਦਲ
ਅਕਾਲੀ ਦਲ ਪਹਿਲਾਂ ਹੀ ਸਵਾਲ ਚੁੱਕ ਰਿਹਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੂੰ ਸੈਸ਼ਨ ਦੇ ਵਿੱਚ ਬਹੁਮਤ ਪੇਸ਼ ਕਰਨ ਦੇ ਲਈ ਸਪੀਕਰ ਵੱਲੋਂ ਕਿਹਾ ਜਾ ਸਕਦਾ ਸੀ ਇਸ ਕਰਕੇ ਸਰਕਾਰ ਫਲੋਰ ਟੈਸਟ ਨਹੀਂ ਕਰਵਾਉਣਾ ਚਾਹੁੰਦੀ ਸੀ ਤੇ ਸੈਸ਼ਨ ਨੂੰ ਨਹੀਂ ਵਧਾਇਆ ਗਿਆ। ਜਦਕਿ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਦੋ ਧੜੇ ਕਾਂਗਰਸ ਦੇ ਹੋ ਗਏ ਨੇ ਇਕ ਕੈਪਟਨ ਅਮਰਿੰਦਰ ਸਿੰਘ ਦਾ ਤੇ ਦੂਜਾ ਨਵਜੋਤ ਸਿੰਘ ਸਿੱਧੂ ਦਾ। ਅਕਾਲੀ ਦਲ ਨੇ ਕਿਹਾ ਕਿ ਉਹ ਸੈਸ਼ਨ 'ਚ ਜਨਤਾ ਤੋਂ ਜੁੜੇ ਮੁੱਦੇ ਚੁੱਕਣਾ ਚਾਹੁੰਦੇ ਸੀ ਪਰ ਸਪੀਕਰ ਨੇ ਜਾਣ ਬੁੱਝਕੇ ਸੈਸ਼ਨ ਨੂੰ ਅੱਗੇ ਨਹੀਂ ਵਧਾਇਆ ਅਤੇ ਮੁਲਤਵੀ ਕਰ ਦਿੱਤਾ।
ਕੈਪਟਨ ਨੂੰ ਫਲੋਰ ਟੈਸਟ ਦੇਣਾ ਚਾਹੀਦਾ ਸੀ: ਹਰਪਾਲ ਸਿੰਘ ਚੀਮਾ
ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਸਰਕਾਰ ਦੇ ਖ਼ਿਲਾਫ਼ ਨੋ ਕਾਨਫੀਡੈਂਸ ਮੋਸ਼ਨ ਲਾਉਣਾ ਚਾਹੁੰਦੇ ਸੀ।
ਨੋ ਕਾਨਫੀਡੈਂਸ ਮੋਸ਼ਨ ਜਿਹੀ ਕੋਈ ਗੱਲ ਨਹੀਂ: ਪਰਗਟ ਸਿੰਘ
ਕਾਂਗਰਸੀ ਆਗੂ ਪਰਗਟ ਸਿੰਘ ਨੇ ਕਿਹਾ ਕਿ ਸਦਨ ਦੀ ਕਾਰਵਾਈ ਅੱਗੇ ਚਲਾਈ ਜਾਣੀ ਚਾਹੀਦੀ ਸੀ ਤਾਂ ਜੋ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ। ਇਸ ਗੱਲ ਨੂੰ ਨੂਰਾਂ ਨੇ ਖਾਰਿਜ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਕੋਈ ਕਾਨਫੀਡੈਂਸ ਮੋਸ਼ਨ ਨਹੀਂ ਲਾਇਆ ਜਾ ਰਿਹਾ ਸੀ। ਹਾਲਾਂਕਿ ਕਾਂਗਰਸ ਦੇ ਵਿਚਕਾਰ ਚੱਲ ਰਿਹਾ ਕਾਟੋ ਕਲੇਸ਼ ਹਾਲੇ ਖ਼ਤਮ ਨਹੀਂ ਹੋਇਆ ਤੇ ਮੁੱਖ ਮੰਤਰੀ ਲਗਾਤਾਰ ਰਣਨੀਤੀ ਬਨਾਉਣ ਲਈ ਮੀਟਿੰਗਾਂ ਕਰ ਰਹੇ ਹਨ। ਕਿਉਂਕਿ ਚੋਣਾਂ ਦੇ ਲਈ ਹੁਣ ਸਮਾਂ ਘੱਟ ਰਹਿ ਗਿਆ ਤੇ ਅਜਿਹੇ ਵਿੱਚ ਮੁੱਖ ਮੰਤਰੀ ਨੂੰ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: ਕਿਸਾਨਾਂ ਦੇ ਹਰ ਸਵਾਲ ਦਾ ਜਵਾਬ ਦੇਣ ਲਈ ਅਕਾਲੀ ਦਲ ਤਿਆਰ : ਸੁਖਬੀਰ ਬਾਦਲ
ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੇ ਧੜੇ ਦਾ ਸਾਹਮਣਾ ਵੀ ਕਰ ਰਹੇ ਹਨ। ਚਰਚਾ ਇਹ ਵੀ ਚੱਲ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਦਾ ਸੈਸ਼ਨ ਜਲਦ ਹੀ ਪੰਜਾਬ ਸਰਕਾਰ ਵੱਲੋਂ ਬੁਲਾਇਆ ਜਾ ਸਕਦਾ ਹੈ , ਪਰ ਅਧਿਕਾਰਿਕ ਤੌਰ 'ਤੇ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ।