ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈਕੇ ਭਾਰਤ ਬੰਦ (bharat bhand) ਦਾ ਸੱਦਾ ਦਿੱਤਾ ਗਿਆ ਸੀ। ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਭਾਰਤ ਬੰਦ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪੂਰੇ ਦੇਸ਼ ਵਿੱਚ ਭਾਰਤ ਬੰਦ ਦਾ ਰਲਿਆ-ਮਿਲਿਆ ਅਸਰ ਵਿਖਾਈ ਦਿੱਤਾ।
ਚੰਡੀਗੜ੍ਹ (Chandigarh) ਵਿੱਚ ਵੀ ਭਾਰਤ ਬੰਦ ਦਾ ਰਲਿਆ-ਮਿਲਿਆ ਹੁੰਗਾਰਾ ਵਿਖਾਈ ਦਿੱਤਾ ਹੈ। ਜੇਕਰ ਗੱਲ ਚੰਡੀਗੜ੍ਹ ਦੇ ਦਿਲ ਮੰਨੇ ਜਾਂਦੇ 17 ਸੈਕਟਰ ਦੀ ਕੀਤੀ ਜਾਵੇ ਤਾਂ ਇੱਥੇ ਦੁਕਾਨਾਂ ਜ਼ਿਆਦਾਤਰ ਖੁੱਲ੍ਹੀਆਂ ਹੀ ਵਿਖਾਈ ਦਿੱਤੀਆਂ। ਹਾਲਾਂਕਿ ਇਨ੍ਹਾਂ ਦੁਕਾਨਾਂ ‘ਤੇ ਲੋਕਾਂ ਦੀ ਭੀੜ ਵਿਖਾਈ ਨਹੀਂ ਦਿੱਤੀ ਜਿਸਦੇ ਚੱਲਦੇ ਚਾਰੇ ਪਾਸੇ ਸੁੰਨ ਪੱਸਰਿਆ ਵਿਖਾਈ ਦਿੱਤਾ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੀਆਂ ਸਰਹੱਦਾਂ ਉੱਪਰ ਧਰਨੇ ਲਗਾਏ ਗਏ ਹਨ। ਇਸ ਧਰਨੇ ਦੌਰਾਨ ਕਿਸਾਨਾਂ ਵੱਲੋਂ ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਉੱਪਰ ਇਸੇ ਤਰ੍ਹਾਂ ਹੀ ਧਰਨੇ ਦਿੱਤੇ ਗਏ ਤਾਂ ਜੋ ਕੇਂਦਰ ਉੱਪਰ ਕਾਨੂੰਨ ਰੱਦ ਕਰਨ ਨੂੰ ਲੈਕੇ ਦਬਾਅ ਬਣਾਇਆ ਜਾ ਸਕੇ।
ਭਾਰਤ ਬੰਦ ਨੂੰ ਲੈਕੇ ਚੰਡੀਗੜ੍ਹ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਕਾਫੀ ਚੌਕਸ ਵਿਖਾਈ ਦਿੱਤਾ ਹੈ। ਪੁਲਿਸ ਵੱਲੋਂ ਕਿਸੇ ਵੀ ਹਿੰਸਾ ਦੀ ਘਟਨਾ ਤੋਂ ਬਚਣ ਦੇ ਲਈ ਥਾਂ-ਥਾਂ ਨਾਕੇਬੰਦੀ ਕੀਤੀ ਗਈ ਤਾਂ ਕਿ ਕੋਈ ਵੀ ਹਿੰਸਾਤਮਕ ਘਟਨਾ ਨਾ ਵਾਪਰ ਸਕੇ। ਇਸਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਜਿਹੜੇ ਰੂਟ ਕਿਸਾਨਾਂ ਵੱਲੋਂ ਬੰਦ ਕੀਤੇ ਗਏ ਸਨ ਉਨ੍ਹਾਂ ਤੋਂ ਆਮ ਲੋਕਾਂ ਨੂੰ ਰਸਤਾ ਤਬਦੀਲ ਕਰਨ ਦੇ ਲਈ ਐਡਵਾਈਜਰੀ ਵੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਗਈ ਸੀ।
ਓਧਰ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੂਟ ਦਿੱਤੀ ਗਈ ਹੈ ਤਾਂ ਕਿ ਕਿਸੇ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:LIVE UPDATE : ਸੜਕਾਂ 'ਤੇ ਲੰਮੇ ਪੈ ਗਏ ਕਿਸਾਨ, ਸਰਕਾਰ ਨੂੰ ਪਾਤੀ ਬਿਪਤਾ