ਚੰਡੀਗੜ੍ਹ: ਇੱਕ ਪ੍ਰੇਮੀ ਜੋੜਾ ਜਿਸ ਵਿਚ ਨੌਜਵਾਨ ਦੀ ਉਮਰ ਹਾਲੇ ਵੀਹ ਸਾਲਾਂ ਦੀ ਹੈ ਜੋ ਕਿ ਨਬਾਲਿਗ ਹੈ ਉਸ ਦਾ ਮੁਹਾਲੀ ਦੇ ਗੁਰਦੁਆਰੇ ਵਿੱਚ ਵਿਆਹ ਕਰਵਾਏ ਜਾਣ ‘ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਮੁਹਾਲੀ ਦੇ ਐੱਸਐੱਸਪੀ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਈਕੋਰਟ ਨੇ ਆਦੇਸ਼ ਦਿੰਦਿਆਂ ਕਿਹਾ ਕਿ ਕਿਤੇ ਇਹ ਵਿਆਹ ਪ੍ਰੋਹਿਬਸ਼ਨ ਆਫ਼ ਚਾਇਲਡ ਮੈਰਿਜ ਐਕਟ 2006 ਦੇ ਨਿਯਮਾਂ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ। ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਉਹ ਮਾਮਲੇ ਵਿਚ ਬਣਦੀ ਕਾਰਵਾਈ ਕਰਨ।
ਦੱਸ ਦੇਈਏ ਮੋਗਾ ਦਾ ਇੱਕ ਪ੍ਰੇਮੀ ਜੋੜਾ ਵਿਆਹ ਤੋਂ ਬਾਅਦ ਹਾਈਕੋਰਟ ਪਹੁੰਚਿਆ ਸੀ ਅਤੇ ਆਪਣੀ ਸੁਰੱਖਿਆ ਦੀ ਮੰਗ ਕਰ ਰਿਹਾ ਸੀ। ਸੁਣਵਾਈ ਦੌਰਾਨ ਪਤਾ ਲੱਗਿਆ ਕਿ ਕੁੜੀ ਤਾਂ ਅਠਾਰਾਂ ਸਾਲਾਂ ਦੀ ਹੈ ਪਰ ਮੁੰਡਾ ਅਜੇ ਵੀਹ ਸਾਲਾਂ ਦਾ ਹੈ। ਕਾਨੂੰਨ ਦੇ ਮੁਤਾਬਿਕ ਇੱਕੀ ਸਾਲਾਂ ਦੀ ਉਮਰ ਤੋਂ ਪਹਿਲਾਂ ਵਿਆਹ ਗੈਰਕਾਨੂੰਨੀ ਹੈ। ਦੋਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੁਹਾਲੀ ਦੇ ਗੁਰਦੁਆਰੇ ਵਿਚ ਵਿਆਹ ਕੀਤਾ ਹੈ ਇਸ ‘ਤੇ ਹਾਈ ਕੋਰਟ ਨੇ ਹੈਰਾਨੀ ਜਤਾਈ ਅਤੇ ਕਿਹਾ ਕਿ ਗੁਰਦੁਆਰੇ ਵਿੱਚ ਇਹ ਵਿਆਹ ਕਿਵੇਂ ਹੋ ਸਕਦਾ ਹੈ ਕਿਉਂਕਿ ਮੁੰਡੇ ਦੀ ਉਮਰ ਹਾਲੇ ਵੀਹ ਸਾਲਾਂ ਦੀ ਹੈ। ਇਸ ‘ਤੇ ਹਾਈਕੋਰਟ ਨੇ ਮੁਹਾਲੀ ਦੇ ਐਸਐਸਪੀ ਨੂੰ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਕਿਹਾ ਹੈ ਕਿ ਜੇ ਇਹ ਵਿਆਹ ਪ੍ਰੋਹਿਬਸ਼ਨ ਆਫ਼ ਚਾਇਲਡ ਮੈਰਿਜ ਐਕਟ ਦੇ ਨਿਯਮਾਂ ਦੀ ਉਲੰਘਣ ਕਰ ਰਿਹਾ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਨਾਲ ਹੀ ਕਿਹਾ ਕਿ ਸੁਰੱਖਿਆ ਪ੍ਰਾਪਤ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਅਜਿਹੇ ਵਿੱਚ ਹਾਈਕੋਰਟ ਨੇ ਮੋਗਾ ਦੇ ਐੱਸਐੱਸਪੀ ਨੂੰ ਇਨ੍ਹਾਂ ਦੀ ਮੰਗ ‘ਤੇ ਗੌਰ ਕਰ ਬਣਦੇ ਕਦਮ ਚੁੱਕਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਹ ਵੀ ਪੜ੍ਹੋ:ਸਿੰਘੂ ਕਤਲ ਕਾਂਡ ਮਾਮਲਾ: ਮ੍ਰਿਤਕ ਲਖਬੀਰ ਸਿੰਘ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ