ਚੰਡੀਗੜ੍ਹ: ਦੇਸ਼ ਭਰ 'ਚ ਅੱਜ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਹਰ ਕਿਸੀ ਦੀ ਸਫ਼ਲਤਾ ਦੇ ਪਿੱਛੇ ਉਸ ਦੇ ਅਧਿਆਪਕ ਦਾ ਹੱਥ ਜ਼ਰੂਰ ਹੁੰਦਾ ਹੈ, ਕਈ ਅਜਿਹੇ ਅਧਿਆਪਕ ਵੀ ਹੁੰਦੇ ਹਨ ਜੋਂ ਮਿਸਾਲ ਛੱਡ ਜਾਂਦੇ ਹਨ। ਅੱਜ ਅਸੀਂ ਅਜਿਹੇ ਹੀ ਇੱਕ ਅਧਿਆਪਕ ਨਾਲ ਸਾਰਿਆਂ ਨੂੰ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਪ੍ਰਤਿਭਾ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ।
ਅਧਿਆਪਕ ਬਲਰਾਜ ਸਿੰਘ ਬਲੈਕ ਬੋਰਡ 'ਤੇ ਲਿੱਖਣ ਲਈ ਵਰਤੇ ਜਾਂਦੇ ਚੌਕ ਦੀ ਮਦਦ ਨਾਲ ਕਲਾਕ੍ਰਿਤੀਆਂ ਬਣਾਉਂਦੇ ਹਨ। ਅਧਿਆਪਕ ਦਿਵਸ ਦੇ ਮੌਕੇ ਉਨ੍ਹਾਂ ਚੌਕ 'ਤੇ ਡਾ. ਰਾਧਾ ਕ੍ਰਿਸ਼ਨਨ ਦੀ ਕਲਾਕ੍ਰਿਤੀ ਬਣਾਈ ਹੈ। ਬਲਰਾਜ ਸਿੰਘ ਸਪੋਰਟਸ ਟੀਚਰ ਹਨ ਤੇ ਚੌਕ ਦੀ ਮਦਦ ਨਾਲ ਕਲਾਕ੍ਰਿਤੀਆਂ ਬਣਾਉਣਾ ਉਨ੍ਹਾਂ ਦਾ ਸ਼ੌਂਕ ਹੈ।
ਬਲਰਾਜ ਨੇ ਦੱਸਿਆ ਕਿ ਵਕਤ ਦੇ ਨਾਲ ਅਧਿਆਪਕ ਅਤੇ ਵਿਦਿਆਰਥੀਆਂ ਦਾ ਰਿਸ਼ਤਾ ਵੀ ਬਦਲ ਰਿਹਾ ਹੈ। ਕੋਰੋਨਾ ਕਰਕੇ ਸਕੂਲ ਬੰਦ ਹਨ ਤੇ ਵਿਦਿਆਰਥੀ ਆਪਣੀ ਪਸੰਦ ਦੇ ਅਧਿਆਪਕਾਂ ਨੂੰ ਕੋਈ ਗਿਫ਼ਟ ਜਾਂ ਕਾਰਡ ਨਹੀਂ ਦੇ ਸਕਦੇ ਪਰ ਟੈਕਨਾਲੋਜੀ ਇੱਕ ਅਜਿਹਾ ਜ਼ਰੀਆ ਬਣ ਗਿਆ ਹੈ ਕਿ ਉਹ ਫੋਨ ਦੇ ਰਾਹੀ ਹਮੇਸ਼ਾ ਆਪਣੇ ਅਧਿਆਪਕਾਂ ਦੇ ਨਾਲ ਜੁੜੇ ਰਹਿੰਦੇ ਹਨ।
ਬਲਰਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਈ ਗਈ ਕਲਾਕ੍ਰਿਤੀ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਇੱਕ ਸੰਦੇਸ਼ ਹੈ ਕਿ ਅਧਿਆਪਕਾਂ ਦਾ ਸਨਮਾਨ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਕਲਾਕ੍ਰਿਤੀ ਨੂੰ ਬਣਾਉਣ ਦੇ ਲਈ ਉਨ੍ਹਾਂ ਨੂੰ ਤਿੰਨ ਦਿਨ ਦਾ ਸਮਾਂ ਲੱਗਿਆ ਤੇ ਇਸ ਵਿੱਚ ਚੌਕ ਦਾ ਇਸਤੇਮਾਲ ਕੀਤਾ ਗਿਆ ਹੈ।