ਲੁਧਿਆਣਾ: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਰਹੱਦ ਨੇੜੇ ਪਾਕਿਸਤਾਨ ਤੋਂ ਆਉਂਦੇ ਡਰੋਨ (Drone) ਵੇਖੇ ਜਾ ਰਹੇ ਹਨ, ਉਥੇ ਹੁਣ ਪੁਲਿਸ ਨੇ ਪੰਜਾਬ ਵਿੱਚ ਪਾਕਿਸਤਾਨੀ ਖੂਫ਼ੀਆ ਏਜੰਸੀਆਂ (Pakistani intelligence agencies) ਨਾਲ ਕੰਮ ਕਰਨ ਵਾਲੀਆਂ ਕਾਲੀਆਂ ਭੇਡਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਇਸੇ ਸਿਲਸਿਲੇ ਵਿੱਚ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਦੇ ਪਾਕਿਸਤਾਨੀ ਖੂਫ਼ੀਆ ਏਜੰਸੀ ਪੀਆਈਓ ਨਾਲ ਜੁੜੇ ਹੋਣ ਦੀ ਸ਼ੰਕਾ ਹੈ ਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜੋ: ਗੁਰਦਾਸ ਮਾਨ ਜਮਾਨਤ ਲਈ ਹਾਈਕੋਰਟ ਦੇ ਦਰ ਪੁੱਜੇ
ਪਾਕਿ ਏਜੰਟ ਹੋਣ ਦਾ ਖਦਸ਼ਾ
ਪੁਲਿਸ ਵੱਲੋਂ ਸ਼ੱਕ ਦੇ ਅਧਾਰ ‘ਤੇ ਫੜਿਆ ਗਿਆ ਇਸ ਵਿਅਕਤੀ ਦੀ ਸ਼ਨਾਖ਼ਤ ਜਸਵਿੰਦਰ ਸਿੰਘ ਵਜੋਂ ਹੋਈ ਹੈ। ਉਹ ਲੁਧਿਆਣਾ ਦੇ ਪਿੰਡ ਉੱਚੀ ਦੌਦ ਦਾ ਰਹਿਣ ਵਾਲਾ ਹੈ। ਰਣਜੀਤ ਸਿੰਘ ਨਾਮੀ ਵਿਅਕਤੀ ਦਾ ਇਹ ਬੇਟਾ ਜਸਵਿੰਦਰ ਸਿੰਘ ਲੁਧਿਆਣਾ ਪੁਲਿਸ ਦੀ ਹਿਰਾਸਤ ਵਿੱਚ ਹੈ। ਲੁਧਿਆਣਾ ਪੁਲਿਸ ਇਸ ਨੂੰ ਵੱਡੇ ਪੱਧਰ ਦੀ ਕਾਮਯਾਬੀ ਦੇ ਰੂਪ ਵਿੱਚ ਵੇਖ ਰਹੀ ਹੈ, ਮੁਲਜ਼ਮ ਤੇ ਪਾਕਿਸਤਾਨੀ ਖੁਫੀਆ ਏਜੰਸੀ ਪੀ ਆਈ ਓ ਨਾਲ ਤਾਰ ਜੁੜੇ ਹੋਏ ਹੋਣ ਦੇ ਇਲਜ਼ਾਮ ਲੱਗੇ ਹਨ। ਸਥਿਤੀ ਛੇਤੀ ਹੀ ਸਪਸ਼ਟ ਹੋ ਜਾਏਗੀ ਕਿ ਜਸਵਿੰਦਰ ਸਿੰਘ ਕਿਸ ਲਈ ਕੰਮ ਕਰਦਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਮਲੇਰਕੋਟਲਾ ਦੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਅਤੇ ਦੱਸਿਆ ਜਾ ਰਿਹਾ ਕੇ ਓਹ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਵੀ ਹੈ।
ਜੈਪੁਰ ਤੋਂ ਕਰਵਾਈ ਜਾਸੂਸੀ
ਪੁਲਿਸ ਨੇ ਪ੍ਰੈਸ ਬਿਆਨ ਜਾਰੀ ਕਰਕੇ ਉਪਰੋਕਤ ਜਾਣਕਾਰੀ ਦਿੱਤੀ ਹੇ ਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਮੁਲਜ਼ਮ ਦੇ ਖਾਤੇ ਵਿਚ ਪੀ ਆਈ ਓ ਵੱਲੋਂ ਬੀਤੇ ਦਿਨੀਂ 10000 ਰੁਪਏ ਵੀ ਜਮ੍ਹਾਂ ਕਰਵਾਏ ਗਏ ਹਨ। ਸੁਤਰਾਂ ਮੁਤਾਬਕ ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕੇ ਪੀਆਈਓ ਵੱਲੋਂ ਮੁਲਜ਼ਮ ਨੂੰ ਜੈਪੁਰ ਜਾ ਕੇ ਉੱਥੋਂ ਦੀ ਸੀਆਈਡੀ ਪ੍ਰਾਪਤ (Spying) ਕਰਨ ਲਈ ਵੀ ਟਾਸਕ ਵੀ ਦਿੱਤਾ ਗਿਆ ਸੀ।
ਹੋਰ ਹੋ ਸਕਦੇ ਵੱਡੇ ਖੁਲਾਸੇ
ਪੁਲਿਸ ਨੇ ਪ੍ਰੈਸ ਬਿਆਨ ਵਿਚ ਕਿਹਾ ਕਿ ਮੁਲਜ਼ਮ ਦੇ ਨਾਲ ਹੋਰ ਵੀ ਲੋਕ ਜੁੜੇ ਹੋ ਸਕਦੇ ਨੇ ਉਨ੍ਹਾਂ ਕਿਹਾ ਕਿ ਬਕਾਇਦਾ ਵ੍ਹਾਟਸੈਪ ਗਰੁੱਪ ਬਣਿਆ ਹੋਇਆ ਸੀ, ਲੁਧਿਆਣਾ ਪੁਲਿਸ ਵੱਲੋਂ ਮੁਲਜ਼ਮ ਤੇ 124 ਏ, 153 ਏ, 120 ਬੀ ਆਈ ਪੀ ਸੀ ਅਤੇ 3,4,5 ਅਤੇ 9 ਆਫੀਸ਼ੀਅਲ ਸੀਕਰੇਟ ਐਕਟ 1923 ਥਾਣਾ ਡਿਵੀਜ਼ਨ ਨੰਬਰ 6 ਜੇ ਵਿਚ ਮਾਮਲਾ ਦਰਜ ਕਰਕੇ ਕੀਤਾ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਡੀਜੀਪੀ ਇਸ ਬਾਰੇ ਮੀਡੀਆ ਦੇ ਰੂਬਰੂ ਹੋ ਕੇ ਵੱਡੇ ਖੁਲਾਸੇ ਕਰ ਸਕਦੇ ਹਨ।
ਪੁਲਿਸ ਹੋਈ ਚੌਕੰਨੀ
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੁਲਿਸ ਨੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਬੇਟੇ ਦੇ ਘਰੋਂ ਛਾਪੇਮਾਰੀ ਦੌਰਾਨ ਡਰੋਨ ਤੇ ਕੁਝ ਹੋਰ ਇਤਰਾਜਯੋਗ ਸਮਾਨ ਬਰਾਮਦ ਕੀਤੇ ਸੀ। ਇਨ੍ਹੀਂ ਦਿਨੀਂ ਪੁਲਿਸ ਕਾਫੀ ਸਚੇਤ ਹੋ ਕੇ ਚੱਲ ਰਹੀ ਹੈ। ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਵੱਲੋਂ ਸਰਹੱਦੀ ਸੂਬੇ ਪੰਜਾਬ ਵਿੱਚ ਗੜਬੜੀ ਫੈਲਾਏ ਜਾਣ ਦੇ ਸ਼ੰਕੇ ਪ੍ਰਗਟਾ ਚੁੱਕੇ ਹਨ। ਸਰਹੱਦ ਤੋਂ ਡਰੋਨ ਮਿਲਦੇ ਰਹੇ ਹਨ ਤੇ ਹੁਣ ਪਾਕਿਸਤਾਨੀ ਏਜੰਸੀ ਨਾਲ ਕੰਮ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਨਾਲ ਸੂਬੇ ਵਿੱਚ ਮਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਬੇਪਰਦ ਹੁੰਦੀਆਂ ਨਜਰ ਆ ਰਹੀਆਂ ਹਨ।