ਚੰਡੀਗੜ੍ਹ:ਪੰਜਾਬ ਸਰਕਾਰ ਵਲੋਂ ਪਿਛਲੇ ਦੋ ਦਿਨਾਂ ਦੌਰਾਨ ਮਿਸ਼ਨ ਫਤਿਹ 2.0 ਤਹਿਤ ਪਿੰਡਾਂ ਨੂੰ ਕੋਰੋਨਾ ਮੁਕਤ ਬਣਾਉਣ ਸਬੰਧੀ ਚਲਾਈ ਮੁਹਿੰਮ ਵਿੱਚ ਆਸ਼ਾ ਵਰਕਰਾਂ ਰਾਹੀਂ 6.3 ਲੱਖ ਪਰਿਵਾਰਾਂ ਦਾ ਸਰਵੇਖਣ ਕਰਵਾਇਆ ਗਿਆ ਜਿਸ ਵਿੱਚ 17.7 ਲੋਕਾਂ ਨੂੰ ਕਵਰ ਕੀਤਾ ਗਿਆ । ਇੱਕ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਇਨਾਂ ਵਿਅਕਤੀਆਂ ਵਿੱਚੋਂ 631 ਕੋਵਿਡ -19 ਪਾਜ਼ੀਟਿਵ ਪਾਏ ਗਏ ਹਨ । ਉਨਾਂ ਦੱਸਿਆ ਕਿ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਪਾਜ਼ੀਟਿਵਿਟੀ ਦਰ ਵਿੱਚ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ ਇਸ ਕਰਕੇ ਪੰਜਾਬ ਸਰਕਾਰ ਨੇ ਮਿਸ਼ਨ ਫਤਿਹ 2.0 (ਕੋਰੋਨਾ ਮੁਕਤ ਪਿੰਡ ਅਭਿਆਨ) ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਯਕੀਨੀ ਤੌਰ ’ਤੇ ਪਿੰਡਾਂ ਨੂੰ ਕੋਵਿਡ ਮੁਕਤ ਬਣਾਇਆ ਜਾ ਸਕੇ।ਸਿਹਤ ਮੰਤਰੀ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਵਾਲੇ ਸਾਰੇ 617 ਮਰੀਜਾਂ ਨੂੰ ਕੋਰੋਨਾ ਫਤਿਹ ਕਿੱਟਾਂ ਦਿੱਤੀਆਂ ਗਈਆਂ ਹਨ ਜਦ ਕਿ 17 ਮਰੀਜ਼ਾਂ ਨੂੰ ਐਲ- 2 / ਐਲ- 3 ਸੁਵਿਧਾਵਾਂ ਵਾਲੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ।
ਸਿੱਧੂ ਨੇ ਦੱਸਿਆ ਕਿ ਇਨਾਂ ਗਰਭਵਤੀ ਔਰਤਾਂ ਦੀ ਸੀ.ਐਚ.ਓਜ਼ ਦੁਆਰਾ ਬਾਕਾਇਦਾ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰੋਟੋਕੋਲ ਅਨੁਸਾਰ ਇਲਾਜ਼ ਮੁਹੱਈਆ ਕਰਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ 126 ਗਰਭਵਤੀ ਔਰਤਾਂ ਕੋਰੋਨਾ ਪਾਜ਼ਟਿਵ ਪਾਈਆਂ ਗਈਆਂ ਹਨ । ਅਪ੍ਰੈਲ 2021 ਵਿੱਚ ਕੋਵਿਡ ਕਾਰਨ 6 ਗਰਭਵਤੀ ਔਰਤਾਂ ਨੇ ਦਮ ਤੋੜਿਆ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਸਮੂਹ ਕਮਿਊਨਿਟੀ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਬਲਾਕ ਪੱਧਰ ਅਤੇ ਰਾਜ ਹੈੱਡਕੁਆਰਟਰ ਵਿਖੇ ਸਬੰਧਤ ਸੀਨੀਅਰ ਮੈਡੀਕਲ ਅਫਸਰ ਨੂੰ ਕੋਵਿਡ-19 ਗਰਭਵਤੀ ਔਰਤਾਂ ਦੇ ਕੇਸਾਂ ਦੀ ਰਿਪੋਰਟ ਪੇਸ਼ ਕਰਨ।
ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵਲੋਂ ਹਰੇਕ ਪਿੰਡ ਵਿੱਚ ਘਰ ਘਰ ਜਾ ਕੇ ਬੁਖਾਰ, ਖੰਘ ਅਤੇ ਸਾਹ ਲੈਣ ਵਿੱਚ ਤਕਲੀਫ ਵਰਗੇ ਕੋਵਿਡ ਦੇ ਲੱਛਣਾਂ ਦੀ ਜਾਂਚ ਸਬੰਧੀ ਸਰਵੇਖਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਲੜੀ ਤੋੜਨ ਲਈ ਇਹ ਸਰਵੇਖਣ 15 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ।
ਇਹ ਵੀ ਪੜੋ:ਸੰਯੁਕਤ ਕਿਸਾਨ ਮੋਰਚਾ ਵੱਲੋਂ PM ਮੋਦੀ ਨੂੰ ਚਿੱਠੀ, ਅੰਦੋਲਨ ਪ੍ਰਤੀ ਬੇਰੁਖੀ ਤੋੜਨ ਦੀ ਅਪੀਲ