ਚੰਡੀਗੜ੍ਹ: ਡਰੱਗ ਮਾਮਲੇ ’ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਹ ਗ੍ਰਿਫਤਾਰੀ ਦੀ ਰੋਕ ਸੁਪਰੀਮ ਕੋਰਟ ਨੇ 31 ਜਨਵਰੀ ਤੱਕ ਲਗਾ ਦਿੱਤੀ ਹੈ। ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਕੀਤੀ ਜਾਵੇਗੀ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੁਲਿਸ ਸੋਮਵਾਰ ਤੱਕ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ। ਫਿਲਹਾਲ ਰਾਹਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਮਾਮਲੇ ਦੀ ਅਗਲੀ ਸੁਣਵਾਈ ਸੁਪਰੀਮ ਕੋਰਟ ਸੋਮਵਾਰ ਨੂੰ ਕਰੇਗਾ।
ਮਾਮਲੇ ਸਬੰਧੀ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੋਮਵਾਰ ਤੱਕ ਰਾਹਤ ਮਿਲੀ ਹੈ। ਸੁਪਰੀਮ ਕੋਰਟ ਤੋਂ ਇਸ ਦੌਰਾਨ ਉਹ ਬਕਾਇਦਾ ਤੌਰ ਤੇ ਆਪਣਾ ਨਾਮਜ਼ਦਗੀ ਭਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਦੀ ਹਾਈਕੋਰਟ ਤੋਂ ਬਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਖਾਰਜ ਹੋਈ ਸੀ, ਉਸ ਦਿਨ ਤੋਂ ਬਾਅਦ ਲਗਾਤਾਰ ਪੁਲਿਸ ਅਤੇ ਈਡੀ ਵੱਲੋਂ ਉਨ੍ਹਾਂ ਦੇ ਵੱਖ ਵੱਖ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਅਤੇ ਘਰ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜੋ ਕਿ ਇਹ ਸਰਾਸਰ ਨਾਜਾਇਜ਼ ਹੈ।
ਬਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਦਮਨਬੀਰ ਸਿੰਘ ਸੋਬਤੀ ਨੇ ਕਿਹਾ ਕਿ ਡੀਜੀਪੀ ਚਟੋਪਾਧਿਆਏ ਦਾ ਸਾਰਾ ਮਾਮਲਾ ਜਗ ਜ਼ਾਹਿਰ ਹੋ ਚੁੱਕਿਆ ਹੈ ਕਿਉਂਕਿ ਉਹ ਸਾਫ ਇਕ ਵੀਡੀਓ ਵਿਚ ਗੱਲਬਾਤ ਕਰਦੇ ਹੋਏ ਸੁਣਾਈ ਦੇ ਰਹੇ ਹਨ। ਜੋ ਮਾਮਲਾ ਬਿਕਰਮਜੀਤ ਸਿੰਘ ਮਜੀਠੀਆ ਤੇ ਨਾਜਾਇਜ਼ ਤੌਰ ਤੇ ਦਰਜ ਕੀਤਾ ਗਿਆ ਸੀ ਉਸ ਨੂੰ ਹੁਣ ਚਟੋਪਾਧਿਆਏ ਦੇ ਖਿਲਾਫ਼ ਜਾਇਜ਼ ਤੌਰ ’ਤੇ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਸਰਾਸਰ ਗਲਤ ਕਰ ਰਹੀ ਹੈ।
ਵਕੀਲ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਦੋ ਵਿਧਾਨ ਸਭਾਵਾਂ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ ਜਿਸ ਦੀ ਉਹ ਤਿਆਰੀ ਸੋਮਵਾਰ ਤੋਂ ਪਹਿਲਾਂ ਪਹਿਲਾਂ ਕਰ ਲੈਣਗੇ।
ਮਜੀਠੀਆ ਦੀ ਗ੍ਰਿਫ਼ਤਾਰੀ 'ਤੇ 3 ਦਿਨਾਂ ਤੱਕ ਲੱਗੀ ਸੀ ਰੋਕ
ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ’ਤੇ ਤਿੰਨ ਦਿਨਾਂ ਤੱਕ ਰਾਹਤ ਦਿੱਤੀ ਗਈ ਸੀ। ਅੱਜ ਯਾਨੀ 27 ਜਨਵਰੀ ਰਾਹਤ ਦਾ ਅਖਿਰ ਦਿਨ ਸੀ। ਪਰ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਮਜੀਠੀਆ ਨੂੰ ਸੋਮਵਾਰ ਤੱਕ ਗ੍ਰਿਫਤਾਰੀ ’ਤੇ ਰੋਕ ਲਗਾ ਦਿੱਤੀ ਹੈ।
ਮਜੀਠੀਆ ਦੀ ਅਗਾਉਂ ਜਮਾਨਤ ਰੱਦ
ਕਾਬਿਲੇਗੌਰ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ 20 ਦਸੰਬਰ ਨੂੰ ਮੋਹਾਲੀ ’ਚ ਐਨਡੀਪੀਸੀਐਸ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਇਸੇ ਮਾਮਲੇ ’ਚ ਮਜੀਠੀਆ ਨੇ ਪਹਿਲਾਂ ਮੋਹਾਲੀ ਦੀ ਟ੍ਰਾਈਲ ਕੋਰਟ ਤੋਂ ਜਮਾਨਤ ਮੰਗੀ ਸੀ। ਪੰਜਾਬ ਅਤੇ ਹਰਿਆਣਾ ਹਾਈਕਰੋਟ ’ਚ ਮਜੀਠੀਆ ਦੀ ਅਗਾਉਂ ਜਮਾਨਤ ’ਤੇ ਸੁਣਵਾਈ ਹੋਈ। ਕੋਰਟ ਨੇ ਮਜੀਠੀਆ ਅਤੇ ਪੰਜਾਬ ਸਰਕਾਰ ਦੋਹਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਫੈਸਲੇ ਨੂੰ ਰੱਦ ਕਰ ਦਿੱਤਾ ਹੈ।
ਜਿਕਰਯੋਗ ਹੈ ਕਿ ਮਜੀਠੀਆ ਖਿਲਾਫ਼ ਡਰੱਗ ਮਾਮਲੇ ਵਿੱਚ ਕੇਸ ਦਰਜ (Majithia drug case) ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਸਨ, ਪਰ ਮਜੀਠੀਆ ਪੁਲਿਸ ਹੱਥ ਨਹੀਂ ਲੱਗੇ। ਰੂਪੋਸ਼ ਦੌਰਾਨ ਮਜੀਠੀਆ ਲਗਾਤਾਰ ਗ੍ਰਿਫਤਾਰੀ ਤੋਂ ਬਚਣ ਦੇ ਲਈ ਜ਼ਮਾਨਤ ਅਰਜੀਆਂ ਦਾਇਰ ਕਰ ਰਹੇ ਸਨ।
ਇਹ ਵੀ ਪੜੋ: ਠੰਡ ਤੋਂ ਅਜੇ ਨਹੀਂ ਮਿਲੇਗੀ ਰਾਹਤ, ਇਸ ਤਰ੍ਹਾਂ ਦਾ ਰਹੇਗਾ ਮੌਸਮ