ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਬੋਲੇ ਜਾ ਰਹੇ ਕੋਰੇ ਝੂਠ ਕਾਂਗਰਸ ਪਾਰਟੀ ਦੇ ਡੁਬਦੇ ਬੇੜੇ ਨੂੰ ਬਚਾ ਨਹੀਂ ਸਕਦੇ ਤੇ ਪਾਰਟੀ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਦੱਸਣ ਕਿ ਉਨ੍ਹਾਂ ਦੀ ਸਰਕਾਰ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਮਾਮਲੇ ਵਿਚ ਤਿੰਨ ਸਾਲ ਤੱਕ ਉਸ ਉਪਰ ਕੇਸ ਨਾਲ ਚਲਾਉਣ ਵਿਚ ਢਿੱਲ ਵਰਤਣ ਲਈ ਕਾਰਵਾਈ ਕਿਉਂ ਨਹੀਂ ਕੀਤੀ।
ਵਰਚੁਅਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਕਾਲੀ ਦਲ ਦੇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਲਈ ਇੰਨੇ ਕਾਹਲੇ ਹਨ ਕਿ ਉਹ ਇਹ ਦੱਸਣਾ ਹੀ ਭੁੱਲ ਗਏ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਸਲਾਬਤਪੁਰਾ ਕੇਸ ਵਿਚ ਡੇਰਾ ਮੁਖੀ 'ਤੇ ਕੇਸ ਚਲਾਉਣ ਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ਼ ਨਾ ਸਿਰਫ ਧਾਰਾ 295 ਏ ਅਤੇ 298 ਤਹਿਤ ਧਾਰਮਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਕੇਸ ਦਰਜ ਕੀਤਾ ਗਿਆ ਬਲਕਿ ਧਾਰਾ 153 ਏ ਤਹਿਤ ਦੰਗੇ ਫੈਲਾਉਣ ਦੀ ਮਨਸ਼ਾ ਨਾਲ ਲੋਕਾਂ ਨੂੰ ਭੜਕਾਉਣ ਦਾ ਕੇਸ ਵੀ ਦਰਜ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਡੇਰਾ ਮੁਖੀ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਸੀ ਤੇ 12 ਵਾਰ ਡੇਰਾ ਮੁਖੀ ਨੂੰ ਜਾਂਚ ਨਾਲ ਜੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕੇਸ ਸੈਸ਼ਨ ਕੋਰਟ ਵਿਚ ਗਿਆ ਤੇ ਹੁਣ ਇਸ ਵੇਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਲੰਬਿਤ ਪਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਝੂਠਾਂ ਦਾ ਪਰਦਾਫਾਸ਼ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਜਾਖੜ ਜਾਂਚ ਦੇ ਤਰੀਕੇ ਅਤੇ ਜਾਂਚ ਅਫ਼ਸਰ ਵੱਲੋਂ ਮਾਮਲੇ ਦੀ ਅਸਲ ਤਾਰੀਕ ਤੇ ਸ਼ਿਕਾਇਤਕਰਤਾ ਵੱਲੋਂ ਦੱਸੀ ਤਾਰੀਕ ਦਾ ਮਾਮਲਾ ਉਠਾ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ ਕਾਂਗਰਸ ਸਰਕਾਰ ਮਹਿਸੂਸ ਕਰਦੀ ਹੈ ਕਿ ਜਾਂਚ ਅਫ਼ਸਰ ਜਾਂ ਕਿਸੇ ਹੋਰ ਅਫ਼ਸਰ ਨੇ ਸਹੀ ਤਰੀਕੇ ਸਰਕਾਰੀ ਕੇਸ ਦੀ ਪੈਰਵਾਈ ਨਹੀਂ ਕੀਤੀ ਤਾਂ ਫਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਸਵਾਲ ਕੀਤਾ ਕਿ ਹੁਣ ਤੱਕ ਸਰਕਾਰ ਸੁੱਤੀ ਕਿਉਂ ਹੋਈ ਹੈ ? ਹਾਲੇ ਤੱਕ ਮਾਮਲੇ ਦੀ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ ?
ਅਕਾਲੀ ਆਗੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿਰਫ ਇਸ ਕਰਕੇ ਤਰਲੋ ਮੱਛੀ ਹੋ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦੇ ਮਾਮਲੇ ਵਿਚ ਉਨ੍ਹਾਂ ਕੋਲ ਵਿਖਾਉਣ ਲਈ ਕੁਝ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਇਸ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਦੁਖੀ ਕੀਤਾ ਹੈ ਤੇ ਆਪਣੇ ਵਾਅਦਿਆਂ ਤੋਂ ਭੱਜੀ ਹੈ ਬਲਕਿ ਇਸ ਨੂੰ 5600 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ, ਬੀਜ ਅਤੇ ਕੇਂਦਰੀ ਰਾਸ਼ਨ ਘੁਟਾਲੇ ਲਈ ਵੀ ਜਾਣਿਆ ਜਾ ਰਿਹਾ ਹੈ।