ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਮੁੱਕਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਕਾਂਗਰਸ 'ਤੇ ਹਮਲਾ ਕਰਨ ਦੀ ਤਿਆਰੀ 'ਚ ਨਜ਼ਰ ਆ ਰਹੇ ਹਨ। ਹਾਲਾਂਕਿ ਪਾਰਟੀ ਨੇ ਜਾਖੜ ਨੂੰ ਸਬ ਅਹੁਦਿਆਂ ਤੋਂ ਹਟਾ ਦਿੱਤਾ ਹੈ, ਪਰ ਜਾਖੜ ਕਾਂਗਰਸ 'ਤੇ ਉਦੈਪੁਰ ਵਿੱਚ ਉਸ ਵੇਲੇ ਹਮਲਾ ਕਰਨ ਜਾ ਰਹੇ ਹਨ ਜਦੋਂ ਕਾਂਗਰਸ ਚਿੰਤਨ ਸ਼ਿਵਿਰ ਕਰ ਰਹੀ ਹੈ।
ਸੂਤਰਾਂ ਦੇ ਮੁਤਾਬਿਕ ਉਹ 13 ਤੋਂ 15 ਮਈ ਨੂੰ ਪ੍ਰੈੱਸ ਕਾਨਫਰੰਸ ਕਰਕੇ ਹਾਈਕਮਾਂਡ ਦੀ ਪੋਲ ਖੋਲ੍ਹਣਗੇ। ਦੱਸ ਦਈਏ ਕਿ ਕਾਂਗਰਸ ਦੀ ਪਹਿਲੀ ਕਾਨਫਰੰਸ ਉਦੈਪੁਰ, ਦੂਜੀ ਦਿੱਲੀ ਅਤੇ ਤੀਜੀ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। 3 ਦਿਨ੍ਹਾਂ 'ਚ ਕਾਂਗਰਸ ਵੱਲੋਂ ਇਹ ਚਿੰਤਨ ਸ਼ਿਵਿਰ ਵੀ ਚਲਾਇਆ ਜਾਵੇਗਾ।
ਇਥੇ ਦੱਸਣਾ ਬਣਦਾ ਹੈ ਕਿ ਜਾਖੜ ਇਸ ਗੱਲ ਤੋਂ ਬੇਹੱਦ ਦੁਖੀ ਹਨ ਕਿ ਕਾਂਗਰਸ ਨੇ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਸੀ। ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਭੇਜੇ ਗਏ ਇਸ ਨੋਟਿਸ ਦਾ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਜਾਖੜ ਮੁਤਾਬਿਕ ਇਸ ਤਰ੍ਹਾਂ ਨੋਟਿਸ ਭੇਜ ਕੇ ਕਾਂਗਰਸ ਨੇ ਉਨ੍ਹਾਂ ਦੇ ਸਵੈਮਾਣ ਨੂੰ ਠੇਸ ਪਹੁੰਚਾਈ ਹੈ। ਜਾਖੜ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਖਿਲਾਫ ਕਿਸੇ ਨੂੰ ਨਹੀਂ ਮਿਲਣਗੇ ਅਤੇ ਹੁਣ ਉਹ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਰਨਗੇ।
ਜ਼ਿਕਰਯੋਗ ਹੈ ਕਿ ਜਾਖੜ ਨੂੰ ਪਾਰਟੀ ਚੋ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਜਾਖੜ ਨੂੰ 2 ਸਾਲ ਲਈ ਮੁਅੱਤਲ ਕਰਨ ਦੀ ਸਿਫਾਰਿਸ਼ ਵੀ ਕੀਤੀ ਸੀ। ਹਾਲਾਂਕਿ ਪਾਰਟੀ ਹਾਈਕਮਾਂਡ ਨੇ ਇੱਸ ਬਾਬਤ ਕੋਈ ਫੈਸਲਾ ਤਾਂ ਨਹੀਂ ਲਿਆ, ਪਰ ਜਾਖੜ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ।
ਇਹ ਸਾਰਾ ਵਿਵਾਦ ਉਸ ਸਮੇ ਸ਼ੁਰੂ ਹੋਇਆ ਜਦ ਕਾਂਗਰਸ ਨੇ ਅਚਾਨਕ ਸੁਨੀਲ ਜਾਖੜ ਦੇ ਸੀਨੀਅਰ ਹੋਣ ਦੇ ਬਾਵਜੂਦ ਪਹਿਲਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਤੇ ਫਿਰ ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੂੰ ਸੀਐਮ ਦੀ ਕੁਰਸੀ ਤੋਂ ਹਟਾਇਆ ਗਿਆ ਤਾਂ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਦਾਅਵੇਦਾਰਾਂ ਦੀ ਲਿਸਟ 'ਚ ਸਬ ਤੋਂ ਅੱਗੇ ਸੀ ਪਰ CM ਚਰਨਜੀਤ ਚੰਨੀ ਨੂੰ ਬਣਾ ਦਿੱਤਾ ਗਿਆ ਸੀ।
ਉਸ ਦੌਰਾਨ ਵੀ ਜਾਖੜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਮਰਥਨ 'ਚ 42 ਵਿਧਾਇਕ ਵੀ ਸਨ ਪਰ ਇਸ ਦੇ ਬਾਵਜੂਦ ਹਿੰਦੂ ਹੋਣ ਕਰਕੇ ਉਨ੍ਹਾਂ ਨੂੰ ਸੀਐਮ ਨਹੀਂ ਬਣਾਇਆ ਗਿਆ ਅਤੇ ਨਤੀਜੇ ਵੱਜੋਂ 2022 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਜਾਖੜ ਨੇ ਸਰਗਰਮ ਸਿਆਸਤ ਤੋਂ ਦੂਰੀ ਬਣਾ ਲਈ ਪਰ ਹੁਣ ਇੱਕ ਵਾਰ ਫਿਰ ਜਾਖੜ ਨੇ ਕਾਂਗਰਸ ਦੇ ਖਿਲਾਫ ਇੱਹ ਵੱਡਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕੁਮਾਰ ਵਿਸ਼ਵਾਸ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ, ਭਾਜਪਾ ਨੇਤਾ ਨੇ ਕੀਤਾ ਇਹ ਟਵੀਟ, ਕਿਹਾ ...