ਚੰਡੀਗੜ੍ਹ: ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਲਈ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਮੁੱਖ ਗਵਾਹ ਉੱਤੇ ਦਬਾਅ ਪਾਉਣ ਦੇ ਪ੍ਰਤੱਖ ਸਬੂਤ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ ਕਿ ਇਹ ਨਾ ਮੁਆਫ਼ੀਯੋਗ ਘਟਨਾਵਾਂ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਲਈ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਸਨ।
ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਤੋਂ ਬਾਅਦ ਦੀ ਘਟਨਾ ਨੇ ਇਸ ਸਾਜ਼ਿਸ਼ ਵਿਚ ਕਾਂਗਰਸ ਦਾ ਹੱਥ ਹੋਣ ਦਾ ਸਪੱਸ਼ਟ ਸਬੂਤ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਚਸ਼ਮਦੀਦ ਗਵਾਹ ਸੁਰਜੀਤ ਸਿੰਘ ਦੇ ਬਿਆਨ ਨੇ ਕਾਂਗਰਸ ਸਰਕਾਰ ਨੂੰ ਪਰੇਸ਼ਾਨ ਕਰ ਦਿੱਤਾ ਸੀ, ਕਿਉਂਕਿ ਉਹ ਜਾਣਦੇ ਸਨ ਕਿ ਹੁਣ ਪੈੜਾਂ ਦੇ ਨਿਸ਼ਾਨ ਉਹਨਾਂ ਦੇ ਘਰ ਤਕ ਆਉਣਗੇ।
ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਮੁੱਖ ਗਵਾਹ ਉੱਤੇ ਬਿਆਨ ਬਦਲਣ ਲਈ ਦਬਾਅ ਪਾ ਕੇ ਬੜੀ ਬੇਸ਼ਰਮੀ ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ਮੁੱਖ ਗਵਾਹ ਦੀ ਰਹੱਸਮਈ ਹਾਲਤਾਂ ਵਿਚ ਮੌਤ ਹੋ ਗਈ ਸੀ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਿਲਕੁੱਲ ਸਪੱਸ਼ਟ ਹੈ ਕਿ ਕਾਂਗਰਸ ਦੇ ਹੱਥਾਂ ਦੇ ਤੋਤੇ ਉੱਡ ਗਏ ਸਨ ਅਤੇ ਇਸ ਨੇ ਮੁੱਖ ਗਵਾਹਾਂ ਨੂੰ ਸੱਚ ਬੋਲਣ ਤੋਂ ਰੋਕਣ ਅਤੇ ਆਪਣੇ ਪਹਿਲੇ ਬਿਆਨ ਬਦਲਣ ਵਾਸਤੇ ਦਬਾਅ ਪਾਉਣ ਲਈ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਦੀ ਡਿਊਟੀ ਲਾਈ ਸੀ।
ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਗਵਾਹ ਦੀ ਪਤਨੀ ਜਸਬੀਰ ਕੌਰ ਵੱਲੋਂ ਦਿੱਤੇ ਬਿਆਨਾਂ ਨੇ ਕਾਂਗਰਸ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦਿੱਤਾ ਹੈ। ਕਿਸੇ ਹੋਰ ਸੂਬੇ ਅੰਦਰ ਹੋਈ ਅਜਿਹੀ ਘਟਨਾ ਨੇ ਸਰਕਾਰ ਨੂੰ ਹਿਲਾ ਕੇ ਰੱਖ ਦੇਣਾ ਸੀ, ਪਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਉੱਤੇ ਨਾ ਸਿਰਫ ਚੁੱਪੀ ਧਾਰੀ ਹੋਈ ਹੈ। ਸਗੋਂ ਉਹ ਸ਼ਰੇਆਮ ਦੋਸ਼ੀ ਆਗੂਆਂ ਕਾਂਗੜ ਅਤੇ ਢਿੱਲੋਂ ਦੀ ਵੀ ਪੁਸ਼ਤਪਨਾਹੀ ਕਰ ਰਿਹਾ ਹੈ ਅਤੇ ਮ੍ਰਿਤਕ ਦੀ ਪਤਨੀ ਦੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰ ਰਿਹਾ ਹੈ। ਕਿਉਂ?
ਸਰਦਾਰ ਬਾਦਲ ਨੇ ਕਿਹਾ ਕਿ ਮੈਂ ਇੱਕ ਸਿੱਧਾ ਜਿਹਾ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਕਾਂਗਰਸ ਸਰਕਾਰ ਸੱਚਾਈ ਨੂੰ ਕਿਉਂ ਦਬਾਉਣਾ ਚਾਹੁੰਦੀ ਹੈ? ਮੁੱਖ ਮੰਤਰੀ ਢਿੱਲੋਂ ਅਤੇ ਕਾਂਗੜ ਖ਼ਿਲਾਫ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ? ਮੁੱਖ ਗਵਾਹ ਦੀ ਗਰੀਬ ਪਤਨੀ ਨੂੰ ਇਨਸਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ?
ਸਰਦਾਰ ਬਾਦਲ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਤਿੰਨ ਸਾਲ ਮੁਕੰਮਲ ਹੋਣ ਦੇ ਸੰਬੰਧ ਵਿਚ ਰੱਖੀ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਨੂੰ ਇੱਕ ਅਜਿਹਾ ਦੌਰ ਕਰਾਰ ਦਿੱਤਾ, ਜਦੋਂ ਪੰਜਾਬ ਇੱਕ ਮੁਖੀ-ਵਿਹੂਣਾ ਸੂਬਾ ਰਿਹਾ ਅਤੇ ਸਿਵਲ ਸਕੱਤਰੇਤ ਤੋਂ ਲੈ ਕੇ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਤਕ ਕਿਤੇ ਵੀ ਸਰਕਾਰ ਨਾਂ ਦੀ ਕੋਈ ਸ਼ੈਅ ਨਜ਼ਰ ਨਹੀਂ ਆਈ।
ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ਨੂੰ ਸੂਬੇ ਦੇ ਇਤਿਹਾਸ ਦਾ ਹੀ ਨਹੀਂ, ਸਗੋਂ ਪੂਰੇ ਮੁਲਕ ਅੰਦਰ ਪੰਜਾਬ ਦਾ ਸਭ ਤੋਂ ਮਾੜਾ ਦੌਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਸੀ, ਜਦੋਂ ਸੱਤਾ ਦੇ ਨਸ਼ੇ ਵਿਚ ਚੂਰ ਇੱਕ ਘੁਮੰਡੀ ਹਾਕਮ ਕੋਲੋਂ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ਼ਘਾਤ, ਲਾਪਰਵਾਹੀ ਅਤੇ ਅਣਗਹਿਲੀ ਤੋਂ ਇਲਾਵਾ ਕੁੱਝ ਨਹੀਂ ਮਿਲਿਆ। ਇਸ ਹਾਕਮ ਨੇ ਪੰਜਾਬ ਨੂੰ ਰੱਜ ਕੇ ਜਲੀਲ ਕੀਤਾ ਅਤੇ ਆਮ ਲੋਕਾਂ ਨੂੰ ਮਿਲਣਾ ਵੀ ਆਪਣੀ ਮਹਾਰਾਜਿਆਂ ਵਾਲੀ ਸ਼ਾਨ ਦੇ ਖ਼ਿਲਾਫ਼ ਸਮਝਿਆ।
ਬਾਦਲ ਨੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਦਾ ਮੁਲੰਕਣ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜ ਸੁਆਲ ਪੁੱਛੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਸ ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਕੋਈ ਇੱਕ ਵਿਕਾਸ ਕਾਰਜ ਜਾਂ ਇੱਕ ਸਮਾਜ ਭਲਾਈ ਸਕੀਮ ਗਿਣਾਵੇ। ਇਨ੍ਹਾਂ ਤਿੰਨ ਸਾਲਾਂ ਵਿਚ ਤੁਸੀਂ ਕਿੰਨੀ ਵਾਰ ਆਪਣੇ ਦਫ਼ਤਰ ਜਾਂ ਪੰਜਾਬ ਵਿਚ ਗਏ ਹੋ? ਤੁਸੀਂ ਕਿੰਨੀ ਵਾਰ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਉੱਤੇ ਗਏ ਹੋ?
ਉਹਨਾਂ ਕਿਹਾ ਕਿ ਇਹ ਤਿੰਨ ਸਾਲ ਉਹ ਸਮਾਂ ਸੀ, ਜਦੋਂ ਮੁੱਖ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਝੂਠੀ ਸਹੁੰ ਖਾਂਦਿਆਂ ਮਹਾਨ ਗੁਰੂ ਸਾਹਿਬਾਨ ਦੇ ਨਾਂ ਉੱਤੇ ਝੂਠ ਬੋਲਿਆ ਤਾਂ ਕਿ ਉਹ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਦਲਿਤਾਂ ਅਤੇ ਹੋਰ ਲੋਕਾਂ ਨੂੰ ਧੋਖਾ ਦੇ ਸਕੇ। ਕੈਪਟਨ ਨੇ ਕਿਸਾਨਾਂ ਨਾਲ ਮੁਕੰਮਲ ਕਰਜ਼ਾ ਮੁਆਫੀ, ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ, ਨੌਜਵਾਨਾਂ ਨੂੰ ਘਰ ਘਰ ਰੁਜ਼ਗਾਰ, 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ, ਦਲਿਤਾਂ ਨੂੰ 51 ਹਜ਼ਾਰ ਰੁਪਏ ਸ਼ਗਨ ਰਾਸ਼ੀ, ਮੁਫਤ ਘਰ ਅਤੇ ਪੋਸਟ ਮੈਟਰਿਕ ਵਜ਼ੀਫੇ, ਲੜਕੀਆਂ ਨੂੰ ਪੀਐਚਡੀ ਤਕ ਮੁਫਤ ਪੜ੍ਹਾਈ ਅਤੇ ਸੀਨੀਅਰ ਨਾਗਰਿਕਾਂ ਨੂੰ 2500 ਰੁਪਏ ਪੈਨਸ਼ਨ ਦੇਣ ਵਾਅਦਾ ਕਰਕੇ ਧੋਖਾ ਦਿੱਤਾ ਹੈ।
ਸਰਦਾਰ ਬਾਦਲ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਲੋਕ ਪੱਖੀ ਕੰਮਾਂ ਨੂੰ ਠੱਪ ਕਰ ਦਿੱਤਾ ਗਿਆ ਹੈ। ਇਹਨਾਂ ਕੰਮਾਂ ਵਿਚ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉੁਣਾ, ਸ਼ਾਨਦਾਰ ਬੁਨਿਆਦੀ ਢਾਂਚਾ ਤਿਆਰ ਕਰਨਾ, ਜਿਸ ਵਿਚ ਹਵਾਈ ਅੱਡੇ ਅਤੇ ਹਾਈਵੇਜ਼ ਦਾ ਨਿਰਮਾਣ ਸ਼ਾਮਿਲ ਸੀ, ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਨੀਆਂ, ਕੈਂਸਰ ਦੇ ਮੁਫ਼ਤ ਇਲਾਜ ਵਰਗੀਆਂ ਸਿਹਤ ਸਹੂæਲਤਾਂ ਪ੍ਰਦਾਨ ਕਰਨੀਆਂ ਸ਼ਾਮਿਲ ਸਨ।