ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮਸਲੇ ਨੂੰ ਲੈੈਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਸੁਖਬੀਰ ਬਾਦਲ ਨੇ ਕੇਜਰੀਵਾਲ ’ਤੇ ਵਰ੍ਹਦਿਆਂ ਕਿਹਾ ਕਿ ਆਖਿਰਕਾਰ ਉਨ੍ਹਾਂ ਨੇ ਆਪਣੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਪਛਾਣ ਸਾਹਮਣੇ ਰੱਖ ਦਿੱਤੀ ਹੈ।
ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਜਰੀਵਾਲ ਦਾ ਦੋਗਲਾਪਣ ਤੇ ਪੰਜਾਬ ਵਿਰੋਧੀ ਸਟੈਂਡ ਬੇਨਕਾਬ ਹੋ ਚੁੱਕਿਆ ਹੈ। ਇਸ ਮਸਲੇ ਨੂੰ ਲੈਕੇ ਉਨ੍ਹਾਂ ਭਗਵੰਤ ਮਾਨ ਤੇ ਹਰਪਾਲ ਚੀਮਾ ਤੇ ਸਵਾਲ ਖੜ੍ਹੇ ਕੀਤੇ ਹਨ ਕਿ ਉਨ੍ਹਾਂ ਨੂੰ ਹੁਣ ਪੰਜਾਬੀਆਂ ਨੂੰ ਜਵਾਬ ਦੇਣੇ ਪੈਣਗੇ ਕਿ ਉਹਨਾਂ ਦੀ ਪਾਰਟੀ ਸਿੱਖ ਅਤੇ ਪੰਜਾਬੀ ਵਿਰੋਧੀ ਕਿਉਂ ਹੈ ?
ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਭੁੱਲਰ ਦੀ ਰਿਹਾਈ ਲਈ ਸਿਫਾਰਸ਼ ਕਰਨ ਤੋਂ ਇਨਕਾਰ ਕਰਨ ’ਤੇ ਰੋਹ ਵਿੱਚ ਪ੍ਰਤੀਕਰਮ ਦਿੰਦਿਆਂ ਸੁੁਖਬੀਰ ਬਾਦਲ ਨੇ ਕਿਹਾ ਕਿ ਇਹ ਪੰਜਾਬੀਆਂ ਲਈ ਅਸਲੀਅਤ ਪਰਖਣ ਦਾ ਪਹਿਲਾ ਮੌਕਾ ਹੈ ਜਿੰਨ੍ਹਾਂ ਨੇ ਕੇਜਰੀਵਾਲ ਵੱਲੋਂ ਚੋਣਾਂ ਦੌਰਾਨ ਪ੍ਰੋ. ਭੁੱਲਰ ਨੁੰ ਰਿਹਾਅ ਕਰਨ ਦੇ ਵਾਅਦਿਆਂ ’ਤੇ ਵਿਸ਼ਵਾਸ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤਾਂ ਪਹਿਲਾਂ ਹੀ ਸਿੱਖ ਵਿਰੋਧੀ ਮਾਨਸਿਕਤਾ ਦਾ ਧਾਰਨੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਅਕਾਲੀ ਦਲ ਵੱਲੋਂ ਕੇਜਰੀਵਾਲ ਖਿਲਾਫ਼ ਲਗਾਏ ਜਾ ਰਹੇ ਇਲਜ਼ਾਮ ਸੱਚ ਸਾਬਿਤ ਹੋ ਰਹੇੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਮੇਸ਼ਾ ਸਿੱਖਾਂ ਨੂੰ ਝੂਠ ਬੋਲਦਾ ਰਿਹਾ ਹੈ ਜਦੋਂ ਕਿ ਚੋਣ ਪ੍ਰਚਾਰ ਦੌਰਾਨ ਉਸਦੇ ਮੂੰਹ ’ਤੇ ਰਾਵਣ ਹਾਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਜਰੀਵਾਲ ਨੇ ਸਜ਼ਾ ਸਮੀਖਿਆ ਬੋਰਡ ਨੂੰ ਮੀਟਿੰਗ ਕਰ ਕੇ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਨੂੰ ਕਿਹਾ ਸੀ ਪਰ ਜਿਵੇਂ ਹੀ ਚੋਣਾਂ ਹੋਈਆਂ ਉਨ੍ਹਾਂ ਨੇ ਆਪਣਾ ਅਸਲ ਚਿਹਰਾ ਵਿਖਾ ਦਿੱਤਾ।
ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਯਾਦ ਕਰਵਾਉਂਦਿਆ ਕਿਹਾ ਕਿ ਕੇਜਰੀਵਾਲ ਨੇ ਪਹਿਲਾਂ ਇਸ ਗੱਲ ਦਾ ਖੰਡਨ ਕੀਤਾ ਸੀ ਕਿ ਭੁੱਲਰ ਦੀ ਸਜ਼ਾ ਮੁਆਫੀ ਦਾ ਫੈਸਲਾ ਉਨ੍ਹਾਂ ਦੀ ਸਰਕਾਰ ਦੇ ਦਾਇਰੇ ਅਧੀਨ ਨਹੀਂ ਹੈ ਤੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਬਾਰੇ ਫੈਸਲਾ ਭਾਰਤ ਸਰਕਾਰ ਨੇ ਲੈਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੇਜਰੀਵਾਲ ਨੂੰ ਸਾਰਿਆਂ ਦੇ ਸਾਹਮਣੇ ਬੇਨਕਾਬ ਕੀਤਾ ਤੇ ਉਸਦੀ ਆਪਣੀ ਸਰਕਾਰ ਦੇ ਫੈਸਲਿਆਂ ਦੀ ਕਾਪੀ ਜਾਰੀ ਕੀਤੀ ਤਾਂ ਉਨ੍ਹਾਂ ਮੰਨ ਲਿਆ ਕਿ ਇਹ ਮਾਮਲਾ ਉਸਦੀ ਸਰਕਾਰ ਦੇ ਅਧੀਨ ਹੈ ਤੇ ਉਸਦੀ ਸਰਕਾਰ ਨੇ ਹੀ ਪ੍ਰੋ. ਭੁੱਲਰ ਦੀ ਰਿਹਾਈ ਰੋਕੀ ਹੈ।
ਇਹ ਵੀ ਪੜ੍ਹੋ: ਜਾਣੋ ਕਿਵੇਂ ਪੂਰੇ ਹੋਣਗੇ ਯੂਕਰੇਨ ਤੋਂ ਪਰਤ ਰਹੇ ਭਾਰਤੀ ਵਿਦਿਆਰਥੀਆਂ ਦੇ ਅਧੂਰੇ ਕੋਰਸ? ਮੰਤਰੀ ਨੇ ਦਿੱਤਾ ਕਿਹੜਾ ਭਰੋਸਾ