ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਤਿਆਰੀਆਂ ਵਿੱਚ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਇਸ ਮਹਾਮਾਰੀ ਨਾਲ ਪ੍ਰਭਾਵਿਤ ਥਾਵਾਂ (ਹੌਟਸਪੌਟ) ਵਾਲੇ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਦਾ ਸਾਹ ਪ੍ਰਣਾਲੀ ਦੀ ਗੰਭੀਰ ਬਿਮਾਰੀ (ਐਸ.ਏ.ਆਰ.ਆਈ.) ਦਾ ਟੈਸਟ ਕਰਨ ਲਈ ਮੋਬਾਈਲ ਟੈਸਟਿੰਗ ਵੈਨਾਂ ਚਲਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਅਗਲੇ ਕੁਝ ਦਿਨਾਂ ਵਿੱਚ ਆਈਸੋਲੇਸ਼ਨ ਬੈੱਡ (ਅਲਹਿਦਾ ਰੱਖਣ ਲਈ ਬੈੱਡ) 5000 ਤੱਕ ਵਧਾਉਣ ਲਈ ਮੁਹਿੰਮ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਇੱਥੋਂ ਤੱਕ ਇਸ ਨੂੰ ਹੋਰ ਵਧਾਇਆ ਜਾਵੇ ਤਾਂ ਕਿ ਕਿਸੇ ਤਰਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੁਤਾਬਕ ਭਾਵੇਂ ਕੋਈ ਪੁਸ਼ਟੀ ਕੀਤੇ ਅਨੁਮਾਨ ਉਪਲਬਧ ਨਹੀਂ ਹਨ ਪਰ ਸੂਬਾ ਸਰਕਾਰ ਸੰਭਾਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਤਿਆਰੀ ਕਰ ਰਹੀ ਹੈ।
ਮੁੱਖ ਸਕੱਤਰ ਨੇ ਦੱਸਿਆ ਕਿ ਮਾਨਵੀ ਸ਼ਕਤੀ ਦੀ ਭਰਤੀ ਅਤੇ ਸਿਖਲਾਈ ਵੀ ਜੰਗੀ ਪੱਧਰ ’ਤੇ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਉਂਦੇ ਹਫਤਿਆਂ ਵਿੱਚ ਸੂਬਾ ਪੂਰੀ ਤਰਾਂ ਤਿਆਰ ਹੈ। ਉਨਾਂ ਅੱਗੇ ਕਿਹਾ ਕਿ ਸੂਬੇ ਵਿੱਚ ਸਿਹਤ ਸੰਸਥਾਵਾਂ ਸਮੇਤ 20 ਥਾਵਾਂ ਵਿੱਚ 2500 ਬੈੱਡ ਵਰਤੋਂ ਲਈ ਤਿਆਰ ਹਨ ਅਤੇ ਲੋੜੀਂਦੀਆਂ ਸਹੂਲਤਾਂ ਨਾਲ ਇਨਾਂ ਦੀ ਗਿਣਤੀ ਵਧਾਈ ਜਾਵੇਗੀ।
ਸੂਬੇ ਵਿੱਚ ਕੋਵਿਡ-19 ਨਾਲ ਨਿਪਟਣ ਲਈ ਲੋੜੀਂਦੇ ਮੈਡੀਕਲ ਸਾਜ਼ੋ-ਸਾਮਾਨ ਦੀ ਮੌਜੂਦਗੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਲੋੜੀਂਦੇ ਪ੍ਰੋਟੈਕਟਿਵ ਗੇਅਰ, ਵੈਂਟੀਲੇਟਰ, ਮਾਸਕ ਆਦਿ ਨੂੰ ਪਹਿਲ ਦੇੇ ਆਧਾਰ ’ਤੇ ਖਰੀਦਣ ਲਈ ਆਖਿਆ। ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਮੁਤਾਬਕ ਪੰਜਾਬ ਦੀਆਂ ਕੰਪਨੀਆਂ ਵੱਲੋਂ ਤਿਆਰ ਕੀਤੇ ਦੇਸੀ ਨਮੂਨਿਆਂ ਦੀ ਨਿਰੰਤਰ ਪਰਖ ਕੀਤੀ ਜਾ ਰਹੀ ਹੈ ਅਤੇ ਪ੍ਰਵਾਨਿਤ ਸਾਮਾਨ ਲਈ ਆਰਡਰ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ।