ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੰਗਰ ’ਤੇ ਲਗਦੇ ਜੀ.ਐਸ.ਟੀ. ਦੀ ਰਕਮ ਦਾ ਭੁਗਤਾਨ ਕਰਨ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਹੈ। ਕੈਪਟਨ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ 1,96,57,190 ਰੁਪਏ ਦਿੱਤੇ ਹਨ ਜਿਸ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਮੁੱਚੇ ਬਕਾਏ ਰਕਮ ਦਾ ਭੁਗਤਾਨ ਕੀਤਾ ਹੈ।
ਜੀ.ਐਸ.ਟੀ. ਬਿਲਾਂ ਦੇ ਬਕਾਏ ਦੇ ਭੁਗਤਾਨ ਲਈ ਰਾਸ਼ੀ ਦੀ ਕੀਤੀ ਵੰਡ ਮੁਤਾਬਕ ਦਰਬਾਰ ਸਾਹਿਬ ਲਈ 3.5 ਕਰੋੜ ਰੁਪਏ ਰੱਖੇ ਗਏ ਸਨ ਜਦਕਿ ਦੁਰਗਿਆਨਾ ਮੰਦਰ ਲਈ 35 ਹਜ਼ਾਰ ਰੁਪਏ ਅਤੇ ਬਾਕੀ ਰਹਿੰਦੀ ਰਕਮ ਵਾਲਮੀਕਿ ਸਥਲ ਰਾਮ ਤੀਰਥ ਲਈ ਰੱਖੇ ਗਏ ਹਨ। ਮੁੱਖ ਮੰਤਰੀ ਨੇ ਇਨਾਂ ਤਿੰਨਾਂ ਸਥਾਨਾਂ ਦੇ ਭਵਿੱਖ ਵਿੱਚ ਵੀ ਸਾਰੇ ਕਲੇਮ ਦਾ ਤੁਰੰਤ ਭੁਗਤਾਨ ਕਰਨ ਦੀ ਹਦਾਇਤ ਕੀਤੀ ਹੈ।
ਮੁੱਖ ਸਕੱਤਰ ਮਾਲ ਕੇ.ਬੀ.ਐਸ. ਸਿੱਧੂ ਨੇ ਕਿਹਾ ਕਿ ਇਸ ਰਕਮ ਦੀ ਅਦਾਇਗੀ ਤੋਂ ਬਾਅਦ ਐਸ.ਜੀ.ਪੀ.ਸੀ. ਵੱਲ ਸੂਬੇ ਦੀ ਕੋਈ ਵੀ ਦੇਣਦਾਰੀ ਬਾਕੀ ਨਹੀਂ ਰਹਿ ਜਾਵੇਗੀ। ਸਿੱਧੂ ਨੇ ਕਿਹਾ ਕਿ 2 ਧਾਰਮਿਕ ਸਥਾਨ ਦੁਰਗਿਆਨਾ ਮੰਦਰ ਅਤੇ ਵਾਲਮੀਕਿ ਸਥਲ ਰਾਮ ਤੀਰਥ ਪਾਸੋਂ ਸਰਕਾਰ ਨੇ ਅਜੇ ਤੱਕ ਕੋਈ ਵੀ ਕਲੇਮ ਹਾਸਲ ਨਹੀਂ ਕੀਤਾ ਜਿਸ ਲਈ ਸੂਬਾ ਸਰਕਾਰ ਨੇ ਡਿਪਟੀ ਕਮਿਸ਼ਨਰ ਨੂੰ ਮਈ ਮਹੀਨੇ ਵਿੱਚ 4 ਕਰੋੜ ਰੁਪਏ ਦੀ ਰਾਸ਼ੀ ਸੌਂਪ ਦਿੱਤੀ ਸੀ।
ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਕੈਪਟਨ ਨੂੰ ਦਿੱਤੀ ਨਸੀਹਤ
ਕੈਪਟਨ ਸਰਕਾਰ ਨੇ ਇਨ੍ਹਾਂ ਤਿੰਨਾਂ ਧਾਰਮਿਕ ਸਥਾਨਾਂ ਲਈ ਲਗਦੇ ਜੀ.ਐਸ.ਟੀ. ਭਰਨ ਲਈ ਆਪਣੀ ਵਚਨਬੱਧ ਦਿਖਾਈ ਹੈ। ਇਸ ਦੇ ਨਾਲ ਹੀ ਪੰਜਾਬ ਨੇ ਆਪਣੇ ਹਿੱਸੇ ਦਾ 100 ਫੀਸਦੀ ਰਿਫੰਡ ਕਰਨ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੋਇਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਇਹ ਚੋਣਾਂ ਵਿੱਚ ਲਾਹਾ ਲੈਣ ਖਾਤਰ ਧਰਮ ਦੀ ਦੁਰਵਰਤੋਂ ਕਰ ਰਹੇ ਹਨ। ਇਸ ਸੰਵੇਦਨਸ਼ੀਲ ਧਾਰਮਿਕ ਮੁੱਦੇ ’ਤੇ ਲੋਕਾਂ ਨੂੰ ਝੂਠ ਸਹਾਰੇ ਗੁੰਮਰਾਹ ਕਰਨ ਲਈ ਅਕਾਲੀ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾਈ ਸਰਕਾਰ ਵੱਲੋਂ ਪੂਰੀ ਬਕਾਇਆ ਰਾਸ਼ੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਸ ਦੀ ਨਿਰਵਿਘਨ ਵੰਡ ਯਕੀਨੀ ਬਣਾਈ ਜਾ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਲੌਂਗੋਵਾਲ ਨੇ ਸੂਬਾ ਸਰਕਾਰ 'ਤੇ ਜੀਐੱਸਟੀ ਦੀ ਰਕਮ ਅੱਦਾ ਨਾ ਕਰਨ ਦੇ ਦੋਸ਼ ਲਾਏ ਸਨ।