ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਪੰਜਾਬ ਵਿੱਚ ਬੀਐਸਐਫ (BSF) ਨੂੰ 50 ਕਿਲੋਮੀਟਰ ਦੇ ਦਾਇਰੇ ਤੱਕ ਦਿੱਤੀਆਂ ਤਾਕਤਾਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ (Central Government) ਨੇ ਅਜਿਹੇ ਫ਼ੈਸਲੇ ਕਰਨੇ ਹੀ ਹਨ ਤਾਂ ਉਹ ਪੰਜਾਬ ਦੇ ਭਲੇ ਲਈ ਵੀ ਕੁਝ ਕਰਕੇ ਵਿਖਾਵੇ।
ਇਹ ਵੀ ਪੜੋ: ਮੰਤਰੀ ਪਰਗਟ ਸਿੰਘ ਨੇ ਕੈਪਟਨ ਦੀ ਠੋਕੀ ਮੰਜੀ, ਕਿਹਾ-ਭਾਜਪਾ ਨਾਲ...
ਕੇਂਦਰ ਦਾ ਪੰਜਾਬ ਨਾਲ ਧੱਕਾ
ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ ਅਤੇ ਇਥੇ ਫੂਡ ਪ੍ਰੋਸੈਸਿੰਗ ਇੰਡਸਟਰੀ (Food Processing Unit) ਵੀ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਬੀਐਸਐਫ (BSF) ਨੂੰ ਵੱਧ ਅਧਿਕਾਰ ਦੇਣ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕਰਦੇ ਹਾਂ, ਪਰ ਫਿਰ ਵੀ ਜੇਕਰ ਖੇਤੀ ਕਾਨੂੰਨਾਂ ਦੀ ਤਰ੍ਹਾਂ ਕੇਂਦਰ ਸਰਕਾਰ ਨੇ ਧੱਕਾ ਹੀ ਕਰਨਾ ਹੈ ਤਾਂ ਪੰਜਾਬ ਨੂੰ ਕੁਝ ਦੇ ਵੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੈ ਜਿਸ ਕਾਰਨ ਇੱਥੇ ਕੇਂਦਰ ਸਰਕਾਰ ਵਿਸ਼ੇਸ਼ ਪੈਕੇਜ ਦੇਵੇ ਅਤੇ ਪੂਰੀ ਇੰਡਸਟਰੀ ਅਤੇ ਵਾਹਨਾਂ ਦੇ ਬੀਮੇ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਖ਼ੁਦ ਲਵੇ।
ਪੰਜਾਬ ਨੂੰ ਮਿਲੇ ਵਿਸ਼ੇਸ਼ ਫੰਡ
ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਮਿਲਣਗੇ ਅਤੇ ਇਹ ਕਹਿਣਗੇ ਕਿ ਜੋ ਧੱਕਾ ਕੇਂਦਰ ਸਰਕਾਰ ਕਰ ਰਹੀ ਹੈ ਉਸ ਦੇ ਇਵਜ਼ ਵੱਜੋਂ ਉਹ ਪ੍ਰਧਾਨ ਮੰਤਰੀ ਤੋਂ ਵਿਸ਼ੇਸ਼ ਪੈਕੇਜ (Special package) ਮੰਗਣ, ਜਿਸ ਵਿਚ ਰੇਲਵੇ ਦਾ ਵਿਸਥਾਰ, ਇੰਡਸਟਰੀ ਅਤੇ ਫੂਡ ਪ੍ਰੋਸੈਸਿੰਗ ਯੂਨਿਟ (Food Processing Unit) ਲਗਾਉਣਾ ਸ਼ਾਮਲ ਹੈ।
ਉਥੇ ਹੀ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਮੰਤਰੀ ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬਿਆਂ ਨੂੰ ਵਿਸ਼ੇਸ਼ ਦਰਜਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਰਾਜ ਦੀ ਤਰਜ਼ 'ਤੇ ਵੀ ਕੇਂਦਰ ਸਰਕਾਰ (Central Government) ਦੀਆਂ ਯੋਜਨਾਵਾਂ ਵਿੱਚ 90 ਅਤੇ 10 ਦੇ ਅਨੁਪਾਤ ਵਿੱਚ ਫੰਡਿੰਗ ਹੋਣੀ ਚਾਹੀਦੀ ਹੈ।
ਲੋਕਾਂ ਵਿੱਚ ਡਰ ਦਾ ਮਾਹੌਲ
ਰਾਣਾ ਗੁਰਜੀਤ ਸਿੰਘ (Rana Gurjeet Singh) ਨੇ ਕਿਹਾ ਕਿ ਪੰਜਾਬ ਵਿੱਚ ਬੀਐਸਐਫ (BSF) ਦਾ ਦਾਇਰਾ 50 ਕਿਲੋਮੀਟਰ ਤੱਕ ਵਧਾਉਣਾ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਕਰੇਗਾ। ਇਸ ਨਾਲ ਰਾਜ ਦੇ ਨਿਵੇਸ਼ 'ਤੇ ਵੀ ਅਸਰ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇ ਕੇਂਦਰ ਸਰਕਾਰ ਪੰਜਾਬ ਵਿੱਚ ਬੀਐਸਐਫ (BSF) ਦਾ ਘੇਰਾ ਵਧਾ ਕੇ 50 ਕਿਲੋਮੀਟਰ ਕਰਨਾ ਚਾਹੁੰਦੀ ਹੈ, ਤਾਂ ਉਸਨੂੰ ਸਰਹੱਦੀ ਖੇਤਰ ਵਿੱਚ ਵਾਧੂ ਸਹੂਲਤਾਂ ਵੀ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।
ਇਹ ਵੀ ਪੜੋ: BSF ਵਿਵਾਦ ‘ਤੇ ਸਿਆਸੀ ਫਸਾਦ !
ਉਨ੍ਹਾਂ ਕਿਹਾ ਕਿ ਇਸੇ ਤਰਜ਼ 'ਤੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ, ਰਾਜਸਥਾਨ, ਗੁਜਰਾਤ ਅਤੇ ਜੰਮੂ -ਕਸ਼ਮੀਰ ਨੂੰ ਵੀ ਵੱਖਰਾ ਦਰਜਾ ਦੇਣਾ ਚਾਹੀਦਾ ਹੈ। ਜੇ ਅਸਲ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜ ਨੂੰ ਉੱਤਰ ਪੂਰਬ ਦੇ ਸਰਹੱਦੀ ਰਾਜਾਂ ਨਾਲੋਂ ਵਧੇਰੇ ਨੁਕਸਾਨ ਹੋਇਆ ਹੈ।