ਚੰਡੀਗੜ੍ਹ: ਮਦਨ ਮੋਹਨ ਮਿੱਤਲ ਦੇ 59 ਸੀਟਾਂ 'ਤੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਬਿਆਨ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਬੀਜੇਪੀ ਲੀਡਰ ਵਿਨੀਤ ਜੋਸ਼ੀ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਇਸ ਮੌਕੇ ਜੋਸ਼ੀ ਨੂੰ ਸਵਾਲ ਕੀਤਾ ਗਿਆ ਕਿ ਭਾਜਪਾ ਜਿੰਨੀਆਂ ਸੀਟਾਂ 'ਤੇ ਚੋਣ ਲੜਨ ਦੀ ਗੱਲ ਕਹਿ ਰਹੀ ਹੈ, ਭਾਜਪਾ ਨੇ ਓਨੀਆਂ ਸੀਟਾਂ 'ਤੇ ਆਪਣੇ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਤੇ ਬੂਥ ਲੈਵਲ ਤੱਕ ਕਿੱਦਾਂ ਦੀ ਪਲਾਨਿੰਗ ਕੀਤੀ ਹੈ।
ਇਸ ਸਵਾਲ ਦਾ ਜਵਾਬ ਨਾ ਦਿੰਦਿਆਂ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਅਕਾਲੀ ਦਲ ਨਾਲ ਗਠਜੋੜ ਹੈ ਤੇ ਉਹ ਰਹੇਗਾ। ਹਾਲਾਂਕਿ ਜੋਸ਼ੀ ਨੇ ਇਹ ਵੀ ਕਿਹਾ ਕਿ ਬੀਜੇਪੀ ਵੱਲੋਂ ਚੋਣ ਕਿੰਨੀਆਂ ਸੀਟਾਂ ਤੇ ਲੜੀ ਜਾਣੀ ਹੈ ਇਸ ਬਾਰੇ ਵੀ ਹਾਈਕਮਾਨ ਹੀ ਫ਼ੈਸਲਾ ਲਵੇਗੀ ਤੇ ਹੁਣ ਬੀਜੇਪੀ ਦੇ ਵਰਕਰ ਵੀ ਅਲੱਗ ਚੋਣ ਲੜਨ ਬਾਰੇ ਹਾਈਕਮਾਨ ਨੂੰ ਕਹਿਣ ਲੱਗ ਪਏ ਹਨ।
ਇਸ ਦੌਰਾਨ ਜੋਸ਼ੀ ਨੇ ਜ਼ਿਆਦਾ ਸਵਾਲਾਂ ਦੇ ਜਵਾਬ ਇੱਕ ਹੰਢੇ ਹੋਏ ਸਿਆਸਤਦਾਨ ਵਾਂਗ ਗੋਲ ਮੋਲ ਹੀ ਕਰ ਦਿੱਤੇ। ਜੋਸ਼ੀ ਨੇ ਕਿਹਾ ਕਿ ਗੱਠਜੋੜ ਰੱਖਣਾ ਜਾਂ ਨਾ ਰੱਖਣਾ ਇਹ ਪਾਰਲੀਮੈਂਟਰੀ ਬੋਰਡ ਤੇ ਕੇਂਦਰੀ ਲੀਡਰਸ਼ਿਪ ਦਾ ਫ਼ੈਸਲਾ ਹੋਵੇਗਾ ਪਰ ਉਹ ਆਪਣੀ ਪੰਜਾਬ ਦੀ ਸੱਚਾਈ ਹਾਈਕਮਾਨ ਤੱਕ ਜ਼ਰੂਰ ਪਹੁੰਚਾਉਣਗੇ।
ਜੋਸ਼ੀ ਨੇ ਇਹ ਵੀ ਕਿਹਾ ਕਿ ਕੱਲ੍ਹ ਕੇਂਦਰੀ ਮੰਤਰੀ ਤੋਮਰ ਬੀਜੇਪੀ ਆਗੂਆਂ ਨਾਲ ਵਰਚੁਅਲੀ ਮੀਟਿੰਗ ਕਰ ਪਾਸ ਕੀਤੇ ਆਰਡੀਨੈਂਸ ਬਾਰੇ ਚਰਚਾ ਕਰਨਗੇ ਤੇ ਉਸ ਤੋਂ ਬਾਅਦ ਬੀਜੇਪੀ ਕਾਡਰ ਪੰਜਾਬ ਦੇ ਕਿਸਾਨਾਂ ਨੂੰ ਜਾਗਰੂਕ ਕਰੇਗਾ।