ਚੰਡੀਗੜ੍ਹ: 1992 ਦੇ ਬਲਵੰਤ ਮੁਲਤਾਨੀ ਅਗਵਾਹ ਅਤੇ ਹਿਰਾਸਤੀ ਤਸ਼ੱਦਦ ਮਾਮਲੇ ਵਿੱਚ ਘਿਰੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਬੁੱਧਵਾਰ ਵਿਸ਼ੇਸ਼ ਜਾਂਚ ਟੀਮ ਨੇ ਪੁੱਛ-ਗਿੱਛ ਲਈ ਬੁਲਾਇਆ ਸੀ। ਵਿਸ਼ੇਸ਼ ਜਾਂਚ ਟੀਮ ਥਾਣਾ ਮਟੌਰ ਵਿੱਚ ਸੈਣੀ ਦੀ ਉਡੀਕ ਕਰਦੀ ਰਹੀ ਪਰ ਸੈਣੀ ਨਹੀਂ ਪਹੁੰਚੇ। ਸੈਣੀ ਨੇ ਆਪਣੇ ਵਕੀਲ ਰਾਹੀਂ ਟੀਮ ਨੂੰ ਇੱਕ ਮੈਡੀਕਲ ਭੇਜਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਬਿਮਾਰ ਹਨ। ਇਸ ਸਾਰੇ ਮਾਮਲੇ ਨੂੰ ਲੈ ਕੇ ਇਸ ਕੇਸ ਦੇ ਸਰਕਾਰੀ ਵਕੀਲ ਸੁਰਤੇਜ ਸਿੰਘ ਨਰੂਲਾ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ ਹੈ।
ਸੈਣੀ ਵੱਲੋਂ ਪੇਸ਼ ਮੈਡੀਕਲ 'ਤੇ ਸੁਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਸੈਣੀ ਨੇ ਜੋ ਮੈਡੀਕਲ ਭੇਜਿਆ ਹੈ ਉਹ ਪ੍ਰਮਾਣਿਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਣੀ ਦੇ ਮੈਡੀਕਲ 'ਤੇ ਸੈਣੀ ਦਾ ਨਾਮ ਤੱਕ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੈਣੀ ਵੱਲੋਂ ਭੇਜੇ ਮੈਡੀਕਲ 'ਤੇ ਡਾਕਟਰ ਦੀ ਸਹੀ ਜਾਣਕਾਰੀ ਨਹੀਂ ਹੈ ਅਤੇ ਸੈਣੀ ਦੀ ਵੀ ਕੋਈ ਪ੍ਰਮਾਣਿਕ ਜਾਣਕਾਰੀ ਮੈਡੀਕਲ 'ਤੇ ਦਰਜ ਨਹੀਂ ਹੈ।
ਐਸਆਈਟੀ ਵੱਲੋਂ ਕੀਤੀ ਜਾਂਚ ਬਾਰੇ ਨਰੂਲਾ ਨੇ ਕਿਹਾ ਕਿ ਸੈਣੀ ਪਿਛਲੀ ਪੁੱਛ-ਗਿੱਛ ਦੌਰਾਨ ਸਹੀ ਤਰੀਕੇ ਨਾਲ ਕੋਈ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੈਣੀ ਨੂੰ ਆਪਣਾ ਫੋਨ ਨੰਬਰ ਵੀ ਯਾਦ ਨਹੀਂ ਹੈ। ਉਨ੍ਹਾਂ ਕਿਹਾ ਸੈਣੀ ਟੀਮ ਨੂੰ ਪੂਰੀ ਤਰ੍ਹਾਂ ਨਾਲ ਹੀ ਸਹਿਯੋਗ ਨਹੀਂ ਕੀਤਾ।
ਇਸੇ ਤਰ੍ਹਾਂ ਨੂੰ ਉਨ੍ਹਾਂ ਕਿਹਾ ਕਿ ਐਸਆਈਟੀ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ 5 ਅਕਤੂਬਰ ਨੂੰ ਆਪਣਾ ਜਵਾਬ ਦਾਖ਼ਲ ਕਰੇਗੀ। ਉਨ੍ਹਾਂ ਕਿਹਾ ਸੈਣੀ ਦੇ ਜਾਂਚ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਕੀਤਾ ਹੈ, ਇਸ ਬਾਰੇ ਸੁਪਰੀਮ ਕੋਰਟ ਨੂੰ ਦੱਸਿਆ ਜਾਵੇਗਾ। ਨਰੂਲਾ ਨੇ ਕਿਹਾ ਸੈਣੀ ਦੇ ਖ਼ਿਲਾਫ਼ ਇਸ ਮਾਮਲੇ ਵਿੱਚ ਸਾਰੇ ਤੱਥ ਇੱਕਠੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਜੇਕਰ ਟੀਮ ਚਾਹੇ ਤਾਂ ਸੈਣੀ ਖ਼ਿਲਾਫ਼ ਕੇਸ ਦਾਇਰ ਕੀਤਾ ਜਾ ਸਕਦਾ ਹੈ।