ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ 81% ਫੀਸਦੀ ਯੂਕੇ ਦੇ ਨਵੇਂ ਸਟ੍ਰੇਨ ਦੇ ਮਾਮਲੇ ਆਉਣ ਕਾਰਨ ਖ਼ਤਰਾ ਵਧ ਚੁੱਕਿਆ ਹੈ ਅਤੇ ਸਿਹਤ ਵਿਭਾਗ ਵੱਲੋਂ ਹਰ ਇਕ ਵਰਗ ਦਾ ਟੀਕਾਕਰਨ ਕਰਨ ਦੀ ਇਜਾਜ਼ਤ ਮੰਗੀ ਗਈ ਹੈ।
ਇਸ ਦੌਰਾਨ ਈਟੀਵੀ ਭਾਰਤ ਨਾਲ ਸਿਹਤ ਮੰਤਰੀ ਨੇ ਖਾਸ ਗੱਲਬਾਤ ਕੀਤੀ।
ਸਵਾਲ : 2 ਕੇਸ ਤੋਂ 81 ਫ਼ੀਸਦੀ ਇੱਕ ਦਮ ਯੂ.ਕੇ. ਦਾ ਨਵਾਂ ਸਟ੍ਰੇਨ ਸੂਬੇ 'ਚ ਕਿਵੇਂ ਵਧ ਗਿਆ ?
ਜਵਾਬ : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਪਹਿਲਾਂ ਦੋ ਚਾਰ ਕੇਸ ਨਵੇਂ ਸਟੇਨ ਦੇ ਆਏ ਸਨ ਪਰ ਵੱਡੇ ਪੱਧਰ ਤੇ ਸੈਂਪਲਿੰਗ ਦੇ ਟੈਸਟ ਕਰਵਾਉਣ ਤੋਂ ਬਾਅਦ 81 ਫੀਸਦੀ ਯੂ.ਕੇ. ਦੇ ਨਵੇਂ ਸਟ੍ਰੇਨ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਨਵੇਂ ਸਟ੍ਰੇਨ ਦੀ ਚਪੇਟ ਵਿੱਚ ਨੌਜਵਾਨ ਹਨ ਜਿਸ ਨੂੰ ਲੈ ਕੇ ਸੂਬਾ ਸਰਕਾਰ ਚਿੰਤਿਤ ਹੈ।
ਸੂਬੇ ਵਿੱਚ ਮੌਤ ਦੀ ਦਰ ਸਭ ਤੋਂ ਵੱਧ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਸਖਤ ਕਦਮ ਚੁੱਕੇ ਹਨ। ਵਿਆਹ ਸ਼ਾਦੀਆਂ ਵਿੱਚ ਵੀਹ ਤੋਂ ਵੱਧ ਲੋਕਾਂ ਦਾ ਇਕੱਠ ਨਾ ਕਰਨਾ, ਸਿਆਸੀ ਰੈਲੀਆਂ ਨਾ ਕਰਨ ਸਣੇ ਤਮਾਮ ਕਈ ਵੱਡੇ ਫੈਸਲੇ ਲਏ ਗਏ ਹਨ। ਜੇਕਰ ਲੋਕਾਂ ਨੇ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿਚ ਹੋਰ ਸਖ਼ਤੀ ਕਰ ਸਕਦੀ ਹੈ।
ਸਵਾਲ : ਕੀ ਤੁਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖਕੇ ਹਰ ਵਰਗ ਨੂੰ ਟੀਕਾ ਲਗਾਉਣ ਦੀ ਆਗਿਆ ਮੰਗੀ ਹੈ ?
ਜਵਾਬ : ਬਲਬੀਰ ਸਿੱਧੂ ਨੇ ਕਿਹਾ ਕਿ ਪਹਿਲਾਂ ਵੀ ਕੇਸ ਵੱਧ ਆਏ ਸਨ ਪਰ ਹੁਣ ਸੂਬਾ ਸਰਕਾਰ ਕੋਲ ਵੈਕਸੀਨ ਪੂਰੀ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਕੇਂਦਰੀ ਸਿਹਤ ਮੰਤਰਾਲੇ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਹਰ ਵਰਗ ਦਾ ਤੁਰੰਤ ਟੀਕਾਕਰਨ ਕਰਨ ਦੀ ਆਗਿਆ ਦਿੱਤੀ ਜਾਵੇ। ਪਹਿਲਾਂ ਸਰਕਾਰ ਵੱਲੋਂ ਚਾਰ ਫੇਜ਼ ਵਿੱਚ ਟੀਕਾਕਰਨ ਦੀ ਗੱਲ ਕਹੀ ਗਈ ਸੀ ਅਤੇ ਜੇਕਰ ਚਾਰ ਕੈਟਾਗਰੀ ਰਾਹੀ ਟੀਕਾਕਰਨ ਕੀਤਾ ਜਾਵੇਗਾ ਤਾਂ ਉਸ ਵਿੱਚ ਸਮਾਂ ਜ਼ਿਆਦਾ ਲੱਗੇਗਾ ਜਿਸ ਨਾਲ ਕੇਸ ਵਧਣ ਦਾ ਖ਼ਤਰਾ ਵਧ ਚੁੱਕਿਆ ਹੈ।
ਸਵਾਲ : ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਇਸ ਬਾਬਤ ਚਿੱਠੀ ਲਿਖੀ ਹੈ ?
ਜਵਾਬ : ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਹੈ ਤਾਂ ਉਥੇ ਹੀ ਫੋਨ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਪੰਜਾਬ ਵਿੱਚ ਬਣੇ ਤਾਜ਼ਾ ਹਾਲਾਤ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਹਰ ਕੈਟਾਗਰੀ ਦੇ ਲੋਕਾਂ ਨੂੰ ਤੁਰੰਤ ਟੀਕਾ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ
ਸਵਾਲ : ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀ ਵੀ ਐੱਫ਼ਸੀਆਈ ਵਿਭਾਗ ਨਾਲ ਬੈਠਕ ਹੋਣ ਜਾ ਰਹੀ ਹੈ ?
ਜਵਾਬ : ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਚ ਵਧੇ ਨਵੇਂ ਕੇਸਾਂ ਨੂੰ ਲੈ ਕੇ ਬੈਠਕ ਹੋ ਚੁੱਕੀ ਹੈ ਅਤੇ ਕਈ ਨਵੇਂ ਪ੍ਰੋਗਰਾਮ ਉਲੀਕੇ ਗਏ ਹਨ।
ਸਵਾਲ: ਪਿੰਡਾਂ ਵਿੱਚ ਵੀ ਕੇਸ ਵਧ ਰਹੇ ਹਨ ਜਦ ਕਿ ਤੁਸੀਂ ਕਹਿੰਦੇ ਸੀ ਕਿ ਸਿਰਫ ਸ਼ਹਿਰਾਂ 'ਚ ਕੇਸ ਵਧ ਰਹੇ ਹਨ, ਕਿਹੜੇ ਜਾਗਰੂਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹੋ ?
ਜਵਾਬ : ਬਲਬੀਰ ਸਿੱਧੂ ਮੁਤਾਬਕ ਉਹ ਪਿੰਡਾਂ ਵਿੱਚ ਐਲਾਨ ਸਣੇ ਅਖ਼ਬਾਰਾਂ ਚੈਨਲਾਂ ਰੇਡੀਓ ਅਤੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਦਮ ਚੁੱਕ ਰਹੇ ਹਨ ਅਤੇ ਪਿੰਡਾਂ ਵਿੱਚ ਜੋ ਲੋਕ ਇਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਕੋਰੋਨਾ ਨਹੀਂ ਹੋਣਾ ਉਨ੍ਹਾਂ ਲੋਕਾਂ ਲਈ ਮੁੱਖ ਤੌਰ 'ਤੇ ਜਾਗਰੂਕ ਅਭਿਆਨ ਦਿਹਾਤੀ ਏਰੀਏ ਵਿੱਚ ਚਲਾਇਆ ਜਾਵੇਗਾ।
ਸਵਾਲ : ਜੇਕਰ ਕੇਂਦਰ ਵੱਲੋਂ ਹਰ ਇੱਕ ਵਰਗ ਲਈ ਟੀਕਾਕਰਨ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਕਿ ਸੂਬਾ ਸਰਕਾਰ ਕੀ ਕਰੇਗੀ ?
ਜਵਾਬ: ਬਲਬੀਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਅਪੀਲ ਨੂੰ ਠੁਕਰਾ ਦੇਣਗੇ ਕਿਉਂਕਿ ਲਗਾਤਾਰ ਸੂਬੇ ਵਿਚ ਕੇਸ ਵਧ ਰਹੇ ਹਨ ਤੇ ਕੇਂਦਰ ਸਰਕਾਰ ਕਦੇ ਵੀ ਲੋਕਾਂ ਦੀ ਸਿਹਤ ਨੂੰ ਲੈ ਕੇ ਅਜਿਹਾ ਸਲੂਕ ਨਹੀਂ ਕਰੇਗੀ ਕਿਉਂਕਿ ਪੰਜਾਬ ਦੇਸ਼ ਦਾ ਇੱਕ ਅਹਿਮ ਅੰਗ ਹੈ ਤੇ ਪੰਜਾਬ ਸਰਕਾਰ ਦੀ ਮੰਗ ਕੇਂਦਰ ਸਰਕਾਰ ਨੂੰ ਮੰਨਣੀ ਹੀ ਪਵੇਗੀ।