ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਸ਼ਗਨਪ੍ਰੀਤ ਦੀ ਪਟੀਸ਼ਨ 'ਤੇ ਸੁਣਵਾਈ ਹੋਈ। ਸ਼ਗਨਪ੍ਰੀਤ ਨੇ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ। ਦੱਸ ਦਈਏ ਕਿ ਸ਼ਗਨਪ੍ਰੀਤ ਨੇ ਖੁਦ ਨੂੰ ਮੂਸੇਵਾਲਾ ਦਾ ਮੈਨੇਜਰ ਦੱਸਿਆ ਹੈ।
4 ਜੁਲਾਈ ਨੂੰ ਅਗਲੀ ਸੁਣਵਾਈ: ਮਿਲੀ ਜਾਣਕਾਰੀ ਮੁਤਾਬਿਕ ਮਿੱਡੂਖੇੜਾ ਕਤਲ ਕੇਸ ਵਿੱਚ ਸ਼ਗਨਪ੍ਰੀਤ ਨੇ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਮਾਮਲੇ ’ਚ ਹਾਈ ਕੋਰਟ ਨੇ ਕਿਹਾ ਕਿ ਇਹ ਇੱਕ ਵਿਵਾਦਪੂਰਨ ਮਾਮਲਾ ਹੈ। ਇਸ ਮਾਮਲੇ ਵਿੱਚ ਹਾਈਕੋਰਟ ਨੇ ਮਿੱਡੂਖੇੜਾ ਕਤਲ ਕਾਂਡ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਜੁਲਾਈ ਨੂੰ ਹੋਣੀ ਹੈ।
ਦੋ ਪਟੀਸ਼ਨਾਂ ਕੀਤੀਆਂ ਗਈਆਂ ਦਾਇਰ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਗਨਪ੍ਰੀਤ ਵੱਲੋਂ ਦਾਇਰ ਕੀਤੀ ਗਈ ਪਹਿਲੀ ਪਟੀਸ਼ਨ ’ਚ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਹੈ ਜਦਕਿ ਦੂਜੇ ਵਿੱਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਜਾਨ ਨੂੰ ਖ਼ਤਰਾ ਦੱਸਿਆ ਹੈ। ਇਸ ਤੋਂ ਇਲਾਵਾ ਉਸਨੇ ਇਹ ਵੀ ਕਿਹਾ ਹੈ ਕਿ ਉਹ ਜਦੋ ਵੀ ਮੁਹਾਲੀ ਆਵੇ ਤਾਂ ਏਅਰਪੋਰਟ ਤੋਂ ਲੈ ਕੇ ਤੈਅ ਥਾਂ ਤੱਕ ਜਾਣ ਦੇ ਲਈ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਮਿੱਡੂਖੇੜਾ ਕਤਲ ’ਚ ਲੱਗੇ ਇਲਜ਼ਾਮ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਿਛਲੇ ਸਾਲ ਅਗਸਤ ਮਹੀਨੇ ਚ ਮੁਹਾਲੀ ਚ ਮਿੱਡੂਖੇੜਾ ਦੇ ਕਤਲ ਚ ਉਸਦਾ ਨਾਂ ਸਾਹਮਣੇ ਆਇਆ ਸੀ। ਨਾਲ ਹੀ ਕਿਹਾ ਗਿਆ ਸੀ ਕਿ ਦਿੱਲੀ ਪੁਲਿਸ ਦੀ ਜਾਂਚ ਚ ਉਸਦਾ ਸਬੰਧ ਮਿੱਡੂਖੇੜਾ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਗੈਂਗਸਟਰ ਕੌਸ਼ਲ ਚੌਧਰੀ ਦੇ ਸ਼ਾਰਪ ਸ਼ੂਟਰਾਂ ਨਾਲ ਹੈ। ਇਹ ਵੀ ਸਾਹਮਣੇ ਆਇਆ ਸੀ ਕਿ ਸ਼ਗਨਪ੍ਰੀਤ ਨੇ ਸ਼ਾਰਪ ਸ਼ੂਟਰਾਂ ਨੂੰ ਪਨਾਹ ਅਤੇ ਗੱਡੀ ਦਿੱਤੀ ਸੀ। ਉਨ੍ਹਾਂ ਦੇ ਲਈ ਖਾਣਾ ਵੀ ਲੈ ਕੇ ਗਿਆ ਸੀ।
ਆਸਟ੍ਰੇਲੀਆ ’ਚ ਹੈ ਸ਼ਗਨਪ੍ਰੀਤ: ਸ਼ਗਨਪ੍ਰੀਤ ਇਸ ਸਮੇਂ ਆਸਟ੍ਰੇਲੀਆ ’ਚ ਹੈ। ਮਿੱਡੂਖੇੜਾ ਦੇ ਕਤਲ ’ਚ ਉਸਦਾ ਨਾਂ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਹ ਅਚਾਨਕ ਆਸਟ੍ਰੇਲੀਆ ਚੱਲਿਆ ਗਿਆ ਸੀ। ਲਾਰੈਂਸ ਗੈਂਗ ਨੂੰ ਸ਼ੱਕ ਸੀ ਕਿ ਸ਼ਗਨਪ੍ਰੀਤ ਨੂੰ ਆਸਟ੍ਰੇਲੀਆ ਭੇਜਣ ’ਚ ਮੂਸੇਵਾਲਾ ਦਾ ਹੱਥ ਸੀ। ਜਿਸ ਕਾਰਨ ਲਾਰੈਂਸ ਗੈਂਗ ਵੱਲੋਂ ਮੂਸੇਵਾਲਾ ਦਾ ਕਤਲ ਕੀਤਾ ਗਿਆ।
ਇਹ ਵੀ ਪੜੋ: ਸੂਬੇ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ: ਪਿਛਲੇ 24 ਘੰਟਿਆਂ 'ਚ ਤਿੰਨ ਮੌਤਾਂ