ਚੰਡੀਗੜ੍ਹ: ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਕੈਪਟਨ ਸਰਕਾਰ ਦੇ ਤਿੰਨ ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਿਹੜੇ ਕੰਮ ਕਰਨੇ ਚਾਹੀਦੇ ਸਨ, ਉਹ ਹੁਣ ਤੱਕ ਨਹੀਂ ਕੀਤੇ ਗਏ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਾਂਗਰਸ ਸਰਕਾਰ ਨੂੰ 77 ਸੀਟਾਂ ਮਿਲੀਆਂ ਪਰ ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਹੁਣ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ। ਦੁੱਲੋ ਨੇ ਕਿਹਾ ਕਿ ਆਰਥਿਕ ਸਥਿਤੀ ਕਮਜ਼ੋਰ ਹੋਣ ਕਾਰਨ ਵਿਕਾਸ ਨਹੀਂ ਹੋ ਸਕਿਆ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਵੇਂ ਖ਼ਰਚੇ ਘੱਟ ਕਰਨ ਤੇ ਕਿਵੇਂ ਵਿਕਾਸ ਕਰਨ ਤਾਂ ਕਿ 2 ਸਾਲ ਬਾਅਦ ਸਰਕਾਰ ਲੋਕਾਂ ਨੂੰ ਜਵਾਬ ਦੇ ਸਕੇ।
ਕੈਪਟਨ ਸਰਕਾਰ ਵੱਲੋਂ ਕਿੰਨੇ ਵਾਅਦੇ ਪੂਰੇ ਕੀਤੇ ਗਏ ਤਾਂ ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਏਕੜ ਵਾਲੇ ਕਿਸਾਨ ਦਾ ਕਰਜ਼ਾ ਮਾਫ਼ ਕੀਤਾ ਪਰ ਜਿਸ ਕਿਸਾਨ ਕੋਲ ਗਿਰਦਾਵਰੀ ਜਾਂ ਜਿਸ ਕੋਲ ਜ਼ਮੀਨ ਨਹੀਂ ਹੈ ਉਸ ਦਾ ਕਰਜ਼ਾ ਮਾਫ਼ ਨਹੀਂ ਹੋਇਆ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਬੇ ਵਿੱਚ ਬੇਰੁਜ਼ਗਾਰੀ, ਕਿਸਾਨੀ ਅਧਿਆਪਕਾਂ ਦਾ ਮੁੱਦਾ ਤੇ ਮਾਈਨਿੰਗ ਦਾ ਮੁੱਦੇ ਸਣੇ ਕਈ ਆਂਗਨਵਾੜੀਆਂ ਦੇ ਮੁੱਦਿਆਂ ਨੂੰ ਦਰੁਸਤ ਕਰਨ ਦੀ ਲੋੜ ਹੈ। 2012 ਤੋਂ ਹੁਣ ਤੱਕ 7-8 ਲੱਖ ਨੌਜਵਾਨ ਬੇਰੁਜ਼ਗਾਰ ਹੋ ਚੁੱਕਿਆ ਸਿਰਫ਼ ਸਕਾਲਰਸ਼ਿਪ ਨਾ ਮਿਲਣ ਦੇ ਚੱਲਦਿਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਬੱਚਿਆਂ ਦਾ ਕਰੀਅਰ ਤਬਾਹ ਹੋਇਆ ਹੈ।
ਸ਼ਮਸ਼ੇਰ ਸਿੰਘ ਦੁੱਲੋ ਨੇ ਇੱਕ ਵਾਰ ਫਿਰ ਆਪਣੀ ਸਰਕਾਰ 'ਤੇ ਵੱਡਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਲੇ ਵੀ ਨਸ਼ਾ ਲਗਾਤਾਰ ਜਾਰੀ ਹੈ ਤੇ ਸਰਹੱਦ ਕੋਲ ਲਗਾਤਾਰ ਨਸ਼ਾ ਪਕੜਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਪੰਜਾਬ ਪੁਲਿਸ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਹਾਲੇ ਵੀ ਪੰਜਾਬ ਪੁਲਿਸ ਨਸ਼ੇ ਦਾ ਨੈਕਸਿਸ ਚਲਾ ਰਹੀ ਹੈ ਤੇ ਪੁਲਿਸ ਨਸ਼ਿਆਂ ਦੇ ਨੈਕਸਸ ਨੂੰ ਨਹੀਂ ਤੋੜ ਸਕੀ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਇੱਕ ਹਫ਼ਤੇ ਵਿੱਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੇ ਸਨ, ਜਿਸ ਬਾਰੇ ਸ਼ਮਸ਼ੇਰ ਦੂਲੋ ਨੇ ਕਿਹਾ ਕਿ ਹਾਲੇ ਵੀ ਨਸ਼ੇ ਨਾਲ ਕਈ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਤੇ ਹਰ ਰੋਜ਼ ਕਿਤੋਂ ਨਾ ਕਿਤੋਂ ਨਸ਼ਾ ਆ ਰਿਹਾ ਹੈ। ਹਰ ਰੋਜ਼ ਅਖ਼ਬਾਰਾਂ ਵਿੱਚ ਨਸ਼ੇ ਨਾਲ ਨੌਜਵਾਨਾਂ ਦੀ ਮੌਤੀ ਦੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ।
ਸ਼ਮਸ਼ੇਰ ਦੁੱਲੋ ਨੇ ਨਸ਼ੇ ਦੇ ਮੁੱਦੇ, ਬੇਰੁਜ਼ਗਾਰੀ ਤੇ ਹੋਰ ਵੀ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਦੱਸ ਦਈਏ, ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋਣ ਵਾਲੇ ਹਨ ਤੇ ਹੁਣ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ।