ਚੰਡੀਗੜ੍ਹ: ਸੈਕਟਰ 32-ਡੀ ਦੇ ਮਕਾਨ ਨੂੰ 3325 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ 'ਚ 3 ਕੁੜੀਆਂ ਦੀ ਮੌਤ ਤੇ 2 ਕੁੜੀਆਂ ਜ਼ਖਮੀ ਹਨ। ਦੌ ਕੁੜੀਆਂ ਨੇ ਆਪਣੀ ਜਾਨ ਬਚਾਉਣ ਲਈ ਘਰ ਦੀ ਛੱਤ ਤੋਂ ਛਲਾਂਗ ਮਾਰੀ, ਜਿਸ ਨਾਲ ਉਨ੍ਹਾਂ ਨੂੰ ਕੁੱਝ ਗੰਭੀਰ ਸੱਟਾਂ ਲੱਗੀਆਂ ਹਨ।
ਫਾਇਰ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4:00 ਵਜੇ ਸੂਚਨਾ ਮਿਲੀ ਸੀ ਕਿ ਸੈਕਟਰ 32-ਡੀ ਦੇ ਘਰ 'ਚ ਅੱਗ ਲੱਗੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਗ ਦੇ ਜ਼ਿਆਦਾ ਵੱਧਣ ਨਾਲ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀਆਂ 3 ਹੋਰ ਗੱਡੀਆਂ ਬੁਲਾਈਆਂ, ਜਿਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਅੱਗ 'ਚ 3 ਕੁੜੀਆਂ ਦੀ ਸੜ੍ਹ ਕੇ ਮੌਤ ਹੋ ਗਈ ਤੇ 2 ਗੰਭੀਰ ਰੂਪ ਨਾਲ ਜ਼ਖਮੀ ਹਨ।
ਇਹ ਵੀ ਪੜ੍ਹੋ:ਸੂਬਾ ਸਰਕਾਰ ਪੀੜਤ ਪਰਿਵਾਰਾ ਦੇ ਨਾਲ: ਵਿਜੇਇੰਦਰ ਸਿੰਗਲਾ
ਚਸ਼ਮਦੀਦ ਓਪੇਂਦਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਅੱਗ ਦੀ ਸ਼ੁਰੂਆਤ ਦੂਸਰੀ ਮੰਜ਼ਿਲ ਤੋਂ ਹੋਈ ਸੀ, ਫਿਰ ਹੌਲੀ-ਹੌਲੀ ਅੱਗ ਨੇ ਪੂਰਾ ਹੀ ਘਰ ਲਿਪੇਟ 'ਚ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਇਹ ਘਰ ਪੀਜੀ ਦੇ ਰੂਪ 'ਚ ਚੱਲ ਰਿਹਾ ਹੈ ਜਿੱਥੇ 30 ਕੁੱਲ ਕੁੜੀਆਂ ਰਹਿੰਦੀਆਂ ਹਨ, ਪਰ ਇਸ ਹਾਦਸੇ 'ਚ ਵਾਰਡਨ ਦੇ ਨਾਲ 5 ਕੁੜੀਆਂ ਸਨ ਜੋ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਫਮਾਨ ਨਾਂਅ ਦੀ ਕੁੜੀ ਨੇ ਘਰ ਦੀ ਛੱਤ ਤੋਂ ਛਲਾਂਗ ਮਾਰੀ ਸੀ, ਜਿਸ ਦੇ ਹੱਥ 'ਚ ਫੈਕਚਰ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਫਾਇਰ ਬ੍ਰਿਗੇਡ ਨੇ ਅੱਗ ਨੂੰ ਕਾਬੂ ਕੀਤਾ ਤਾਂ ਇੱਕ ਕੁੜੀ ਦਾ ਸਾਰਾ ਸਰੀਰ ਸੜਿਆ ਹੋਇਆ ਸੀ।
ਮ੍ਰਿਤਕ ਕੁੜੀਆਂ ਦੀ ਪਹਿਚਾਹਣ ਰੀਆ ਵਾਸੀ ਕਪੂਰਥਲਾ, ਪਾਕਸ਼ੀ ਵਾਸੀ ਕੋਟਕਪੁਰਾ, ਮੁਸਕਾਨ ਵਾਸੀ ਹਿਸਾਰ ਵਜੋਂ ਹੋਈ ਹੈ। ਜ਼ਖਮੀ ਕੁੜੀਆਂ ਦੀ ਪਹਿਚਾਹਣ ਜੈਸਮੀਨ, ਫਾਮੀਨਾ ਵਜੋਂ ਹੋਈ ਹੈ। ਇਨ੍ਹਾਂ ਕੁੜੀਆਂ ਦੀ ਉਮਰ 17 ਤੋਂ 22 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ।