ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਵਿੱਚ ਸਰਕਾਰ ਨੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਅਖੀਰ 21 ਸੰਤਬਰ ਨੂੰ ਅਨ-ਲੌਕ ਦੀ ਪ੍ਰੀਕਿਰਿਆ ਵਿੱਚ ਚੰਡੀਗੜ੍ਹ ਸ਼ਹਿਰ ਦੇ ਸਕੂਲਾਂ ਨੂੰ ਛੇ ਮਹੀਨੇ ਬਾਅਦ ਖੋਲ੍ਹਿਆ ਗਿਆ ਹੈ। ਸੈਕਟਰ 35-ਡੀ ਦੇ ਸਕੂਲ ਨੂੰ ਵੀ ਛੇ ਮਹੀਨੇ ਦੇ ਲੰਮੇ ਅਰਸੇ ਤੋਂ ਬਾਅਦ ਖੋਲ੍ਹਿਆ ਗਿਆ ਹੈ।
ਇਸ ਮੌਕੇ ਸਕੂਲ ਵਿੱਚ ਗਣਿਤ ਦੀ ਅਧਿਆਪਕਾ ਸਵਿਤਾ ਨੇ ਦੱਸਿਆ ਕਿ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਮਾਪਿਆਂ ਨੇ ਲਿਖ ਕੇ ਬੱਚਿਆਂ ਨੂੰ ਸਕੂਲ ਭੇਜਣ ਦੀ ਹਾਮੀ ਭਰੀ ਸੀ। ਫਿਲਹਾਲ ਇੱਕ ਹੀ ਬੱਚਾ ਸਕੂਲ ਆਇਆ ਹੈ ਅਤੇ ਇਸ ਨੂੰ ਬਕਾਇਦਾ ਲੈਕਚਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਬੱਚਿਆਂ ਨੂੰ ਕਿਹਾ ਗਿਆ ਹੈ ਕਿ ਉਹ ਮਾਸਕ ਪਾ ਕੇ ਆਉਣ ਅਤੇ ਸਕੂਲ ਵਿੱਚ ਹੱਥ ਸੈਨੇਟਾਈਜ਼ ਕਰਵਾਏ ਜਾਂਦੇ ਹਨ। ਇਸੇ ਨਾਲ ਹੀ ਬਾਕੀ ਸਰਕਾਰੀ ਹਦਾਇਤਾਂ ਦਾ ਵੀ ਪਾਲਣ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਕੂਲ ਪਹੁੰਚੇ 12ਵੀਂ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਸ ਨੂੰ ਆਨ-ਲਾਈਨ ਪੜ੍ਹਾਈ ਵਿੱਚ ਜਿਆਦਾ ਸਮਝ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਹੋਰ ਦੋਸਤਾਂ ਨੂੰ ਵੀ ਸਕੂਲ ਆਉਣ ਲਈ ਕਿਹਾ ਸੀ ਪਰ ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਆਇਆ ਹੈ।