ਚੰਡੀਗੜ੍ਹ: ਪੰਜਾਬ ਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇਣੀਆਂ ਨਾਲ ਸਬੰਧਤ ਵਿਦਿਆਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਯੋਗ ਵਿਦਿਆਰਥੀ ਡਾ. ਅੰਬੇਦਕਰ ਪੋਰਟਲ ਰਾਹੀਂ 4 ਨਵੰਬਰ ਤੋਂ ਆਨ-ਲਾਈਨ ਅਪਲਾਈ ਕਰ ਸਕਣਗੇ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸਾਲ 2019-2020 ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਲਈ ਐਕਟੀਵਿਟੀ ਸ਼ਡਿਊਲ ਅਨੁਸਾਰ ਡਾ.ਅੰਬੇਦਕਰ ਪੋਰਟਲ 4 ਨਵੰਬਰ, 2019 ਤੋਂ ਖੋਲ ਦਿੱਤਾ ਜਾਵੇਗਾ ਤਾਂ ਜੋ ਯੋਗ ਵਿਦਿਆਰਥੀ ਸਮੇਂ ਸਿਰ ਆਨ-ਲਾਈਨ ਅਪਲਾਈ ਕਰ ਸਕਣ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਸਲਾਨਾ ਆਮਦਨ 2.5 ਲੱਖ ਤੋਂ ਘੱਟ ਅਤੇ ਪੱਛੜੀਆਂ ਸ਼ੇਣੀਆਂ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਪਰਿਵਾਰਕ ਆਮਦਨ 1.5 ਲੱਖ ਤੋਂ ਘੱਟ ਹੋਵੇ, ਉਹ ਵਿਦਿਆਰਥੀ ਸਕਾਲਰਸ਼ਿਪ ਲੈਣ ਦੇ ਯੋਗ ਹੋਣਗੇ।
ਧਰਮਸੋਤ ਨੇ ਦੱਸਿਆ ਕਿ ਸਕਾਲਰਸ਼ਿਪ ਲਈ ਯੋਗ ਵਿਦਿਆਰਥੀ 4 ਨਵੰਬਰ ਤੋਂ 30 ਨਵੰਬਰ, 2019 ਤੱਕ ਨਵੀਆਂ ਅਤੇ ਨਵਿਆਉਣਯੋਗ ਦਰਖਾਸਤਾਂ ਲਈ ਸਬੰਧਤ ਸੰਸਥਾਵਾਂ ਨੂੰ ਅਪਲਾਈ ਕਰਨਗੇ ਜਦਕਿ ਸਬੰਧਤ ਸੰਸਥਾਵਾਂ 30 ਨਵੰਬਰ ਤੋਂ 10 ਦਸੰਬਰ, 2019 ਤੱਕ ਆਨ ਲਾਈਨ ਤਜਵੀਜ਼ਾਂ ਅੱਗੇ ਸੈਕਸ਼ਨਿੰਗ ਅਥਾਰਟੀ ਨੂੰ ਭੇਜਣਗੀਆਂ। ਉਨ੍ਹਾਂ ਦੱਸਿਆ ਸੈਕਸ਼ਨਿੰਗ ਅਥਾਰਟੀ ਸਕਾਲਰਸ਼ਿਪ ਦੇ ਕੇਸ ਲਾਈਨ ਵਿਭਾਗਾਂ ਨੂੰ 30 ਦਸੰਬਰ, 2019 ਭੇਜਣਗੇ।
ਇਸੇ ਤਰ੍ਹਾਂ ਲਾਈਨ ਵਿਭਾਗ ਸਮੁੱਚੇ ਕੇਸ 10 ਜਨਵਰੀ, 2020 ਤੱਕ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ ਭੇਜਣਗੇ। ਉਨ੍ਹਾਂ ਦੱਸਿਆ ਕਿ ਪੋਰਟਲ 10 ਜਨਵਰੀ, 2020 ਨੂੰ ਰਾਤ 10 ਵਜੇ ਬੰਦ ਕਰ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਵਿਭਾਵ ਦੀ ਵੈਬ ਸਾਈਟ www.punjabscholarships.gov.in ਵੇਖੀ ਜਾ ਸਕਦੀ ਹੈ।