ਚੰਡੀਗੜ੍ਹ: ਪਟਿਆਲਾ ਜੇਲ੍ਹ ਚ ਬੰਦ ਬਲਵੰਤ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਸੰਗਰੂਰ ਦੀ ਲੋਕਸਭਾ ਜਿਮਨੀ ਚੋਣ ਲੜੇਗੀ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵੱਲੋਂ ਅਕਾਲੀ ਦਲ-ਬਸਪਾ ਅਤੇ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਾਂਝਾ ਉਮੀਦਵਾਰ ਐਲਾਨਿਆ ਹੈ।
ਦੱਸ ਦਈਏ ਕਿ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਕਮਲਜੀਤ ਕੌਰ ਦਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਦੱਸਿਆ ਸੀ ਕਿ ਜ਼ਿਮਨੀ ਚੋਣ ਲੜਨ ਲਈ ਰਾਜੋਆਣਾ ਨੇ ਸਹਿਮਤੀ ਜਤਾ ਦਿੱਤੀ ਹੈ ਜੇਕਰ ਸਾਰੀਆਂ ਸਿੱਖ ਜਥੇਬੰਦੀਆਂ ਉਨ੍ਹਾਂ ਨੂੰ ਚੋਣ ਲੜਾਉਣਾ ਚਾਹੁੰਦੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਇਹ ਸ਼ਰਤ ਰੱਖੀ ਸੀ ਕਿ ਉਹ ਚੋਣ ਤਾਂ ਹੀ ਲੜਨਗੇ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਜਾਂਦਾ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ ਅਤੇ ਸਾਰੀਆਂ ਧਿਰਾਂ ਦਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ।
ਦਲਜੀਤ ਚੀਮਾ ਨੇ ਦੱਸਿਆ ਕਿ ਬਹੁਤ ਦੇਰ ਦੀ ਮੰਗ ਚੱਲ ਰਹੀ ਸੀ ਬੰਦੀ ਪਰਿਵਾਰਾਂ ਵਿੱਚੋਂ ਕਿਸੇ ਇੱਕ ਨੂੰ ਉਮੀਦਵਾਰ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਇਸਨੂੰ ਲੈਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹੀ ਕਿਹਾ ਗਿਆ ਸੀ ਅਤੇ ਸਿੱਖ ਜਥੇਬੰਦੀਆਂ ਵਿੱਚ ਵੀ ਇਹੀ ਚਰਚਾ ਚੱਲ ਰਹੀ ਸੀ। ਅਕਾਲੀ ਆਗੂ ਦੱਸਿਆ ਕਿ ਇਸ ਲੰਮੀ ਚਰਚਾ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਰਾਜੋਆਣਾ ਦੀ ਭੈਣ ਸ਼੍ਰੋਮਣੀ ਅਕਾਲੀ ਦਲ ਦੇ ਤੱਕੜੀ ਚੋਣ ਨਿਸ਼ਾਨ ਉੱਪਰ ਚੋਣ ਲੜਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 6 ਜੂਨ ਨੂੰ ਉਹ ਆਪਣੀ ਨਾਮਜ਼ਦਗੀ ਕਾਗਜ ਭਰਨਗੇ।
ਇਹ ਵੀ ਪੜ੍ਹੋ: ਭੈਣ ਨੂੰ ਚੋਣ ਲੜਾਉਣ ’ਤੇ ਰਾਜੋਆਣਾ ਨੇ ਜਤਾਈ ਸਹਿਮਤੀ, ਅਕਾਲੀ ਦਲ ਅੱਗੇ ਰੱਖੀ ਇਹ ਮੰਗ