ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਭਾਈਵਾਲ ਪਾਰਟੀ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਹੈ। ਇਸ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ੁਦ ਦਿੱਤੀ। ਅਕਾਲੀ-ਭਾਜਪਾ ਦੇ ਗਠਜੋੜ ਟੁੱਟਣ 'ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾਂ ਨੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਸਬੰਧ 'ਚ ਆਪਣੀ ਪ੍ਰਤੀਕੀਰਿਆ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਪਾਰਟੀਆਂ ਦਾ ਗਠਜੋੜ ਨਾਪਾਕ ਸੀ। ਇਨ੍ਹਾਂ ਚੋਂ ਇੱਕ ਪਾਰਟੀ ਖ਼ੁਦ ਨੂੰ ਸਿੱਖਾਂ ਦੇ ਲੀਡਰ ਤੇ ਦੂਜੀ ਪਾਰਟੀ ਖ਼ੁਦ ਨੂੰ ਹਿੰਦੂਆਂ ਦੀ ਲੀਡਰ ਅਖਵਾਉਂਦੀ ਹੈ। ਜਦੋਂ ਕਿ ਦੋਹਾਂ 'ਚੋਂ ਕੋਈ ਵੀ ਪਾਰਟੀ ਖ਼ੁਦ ਨੂੰ ਦੇਸ਼ ਤੇ ਸਾਂਝੀ ਵਾਲਤਾ ਦਾ ਲੀਡਰ ਨਹੀਂ ਕਹਾਉਂਦੀ।
ਵੇਰਕਾ ਨੇ ਕਿਹਾ ਇਹ ਗਠਜੋੜ ਲਾਲਚ ਦੇ ਚਲਦੇ ਟੁੱਟ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਬੰਧਨ ਉਸ ਵੇਲੇ ਟੁੱਟਿਆ ਜਦੋਂ ਅਕਾਲੀ ਦਲ ਦੀ ਹੋਂਦ ਬਚਾਉਣ ਉੱਤੇ ਗੱਲ ਆ ਪਹੁੰਚੀ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਪੱਖੀ ਦੱਸ ਰਿਹਾ ਸੀ। ਅੱਜ ਉਹ ਹੀ ਅਕਾਲੀ ਦਲ ਇਨ੍ਹਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸ ਕੇ ਵਜ਼ਾਰਤ ਅਸਤੀਫਾ ਦੇਣ ਤੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਸਭ ਮਹਿਜ਼ ਵੋਟਾਂ ਹਾਸਲ ਕਰਨ ਲਈ ਸਿਆਸੀ ਡਰਾਮਾ ਕਰ ਰਿਹਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਫ਼ੈਸਲੇ ਲੈਣ ਵਾਲੀ ਸਰਵਉਚ ਕੋਰ ਕਮੇਟੀ ਨੇ ਦੇਰ ਰਾਤ ਹੋਈ ਹੰਗਾਮੀ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਫੈਸਲਾ ਬਾਰੇ ਦੱਸਦੇ ਹੋਏ ਕਿਹਾ, "ਦੋ ਮਹੀਨੇ ਪਹਿਲਾਂ ਤੋਂ ਹੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਨੇ ਖੇਤੀ ਆਰਡੀਨੈਂਸਾਂ ਦੇ ਸਬੰਧ 'ਚ ਕੇਂਦਰੀ ਸਰਕਾਰ ਨੂੰ ਕਿਸਾਨਾਂ ਦੀ ਸ਼ੰਕ ਦੂਰ ਕਰਨ ਦੀ ਅਪੀਲ ਕੀਤੀ।
ਵਾਰ-ਵਾਰ ਅਪੀਲ ਕੀਤੇ ਜਾਣ ਮਗਰੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਹਰਸਿਮਰਤ ਕੌਰ ਨੇ ਅਸਤੀਫਾ ਦੇ ਦਿੱਤਾ। ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਖੇਤੀਬਾੜੀ ਮੰਡੀਕਰਣ ਬਾਰੇ ਲਿਆਂਦੇ ਗਏ ਬਿੱਲ, ਪਹਿਲਾਂ ਹੀ ਕਿਸਾਨਾਂ ਲਈ ਤਬਾਹ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਹਨ ਤੇ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਵੀ ਸਰਕਾਰ ਤੇ ਗਠਜੋੜ ਦਾ ਹਿੱਸਾ ਨਹੀਂ ਹੋ ਸਕਦੀ, ਜਿਨ੍ਹਾਂ ਦਾ ਵਿਰੋਧ ਕਿਸਾਨ, ਖੇਤ ਮਜ਼ਦੂਰ, ਆੜ੍ਹਤੀਏ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗ ਕਰ ਰਹੇ ਹੋਣ।"