ਚੰਡੀਗੜ੍ਹ: ਬੇਅਦਬੀ ਮਾਮਲੇ 'ਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਆਈ.ਟੀ. (SIT)ਵੱਲੋਂ ਡੇਰਾ ਮੁਖੀ ਰਾਮ ਰਹੀਮ ਤੋਂ ਸੋਨਾਰੀਆ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕੀਤੀ ਗਈ ਹੈ। ਇਸ ਪੁੱਛਗਿੱਛ ਵਿੱਚ ਡੇਰਾ ਮੁਖੀ ਨੇ ਸਹਿਯੋਗ ਨਹੀਂ ਦਿੱਤਾ ਅਤੇ ਹੁਣ ਡੇਰਾ ਮੁਖੀ ਤੋਂ ਇਸ ਮਾਮਲੇ ਵਿੱਚ ਮੁੜ ਪੁੱਛਗਿੱਛ ਹੋਣੀ ਚਾਹੀਦੀ ਹੈ। ਬੇਅਦਬੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਐੱਸ.ਆਈ.ਟੀ. ਦੇ ਮੈਂਬਰ ਐੱਸ.ਐੱਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਜਵਾਬ ਦਾਇਰ ਕਰਦਿਆਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਐੱਸ.ਆਈ.ਟੀ. ਨੇ ਇਸ ਮਾਮਲੇ 'ਚ ਡੇਰਾ ਮੁਖੀ ਤੋਂ ਸੋਨਾਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਕੀਤੀ ਸੀ ਅਤੇ ਪੁੱਛਗਿੱਛ ਦੌਰਾਨ ਡੇਰਾ ਮੁਖੀ ਸਵਾਲਾਂ ਤੋਂ ਟਾਲ-ਮਟੋਲ ਕਰਦਾ ਨਜ਼ਰ ਆਇਆ।
ਉਨ੍ਹਾਂ ਕਿਹਾ ਕਿ ਪੁੱਛਗਿੱਛ ਵਿੱਚ ਸਹਿਯੋਗ ਨਾ ਦੇਣ ਕਾਰਨ ਇਸ ਮਾਮਲੇ 'ਚ ਡੇਰਾ ਮੁਖੀ ਤੋਂ ਮੁੜ ਪੁੱਛਗਿੱਛ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਈਆਂ ਦੇ ਬਿਆਨ ਦਰਜ ਕਰਵਾਏ| ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ ਨੇ ਕਿਹਾ ਕਿ ਉਹ ਡੇਰੇ ਨਾਲ ਜੁੜੇ ਹੋਏ ਹਨ ਅਤੇ ਡੇਰੇ ਦੇ ਪੈਰੋਕਾਰਾਂ ਨੇ ਡੇਰਾ ਮੁਖੀ ਨੂੰ ਪੁੱਛੇ ਬਿਨਾਂ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਫਰੀਦਕੋਟ ਦੀ ਹੇਠਲੀ ਅਦਾਲਤ ਨੇ ਡੇਰਾ ਮੁਖੀ ਤੋਂ ਹੀ ਪੁੱਛਗਿੱਛ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜੋ ਅਦਾਲਤ ਨੇ ਵਾਰੰਟ ਜਾਰੀ ਕੀਤੇ ਸਨ, ਇਸ ਪ੍ਰੋਡਕਸ਼ਨ ਵਾਰੰਟ ਦੇ ਹੁਕਮ ਬਿਲਕੁਲ ਸਹੀ ਹਨ। ਐਸਆਈਟੀ ਮੈਂਬਰ ਨੇ ਕਿਹਾ ਕਿ ਪ੍ਰੋਡਕਸ਼ਨ ਵਾਰੰਟ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਡੇਰਾ ਮੁਖੀ ਦੀ ਪਟੀਸ਼ਨ ਖਾਰਜ ਕੀਤੀ ਜਾਵੇ।
ਇਸਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ SIT ਡੇਰੇ ਦੇ ਉਪ ਚੇਅਰਮੈਨ ਡਾ. PK ਨੈਨ ਨੂੰ ਦੋਸ਼ੀ ਕਰਾਰ ਦੇ ਸਕਦੀ ਹੈ। ਸਿੱਟ ਅਨੁਸਾਰ ਡੇਰੇ ਦੇ ਚੇਅਰਮੈਨ ਵੱਲੋਂ ਵੀ ਪੁੱਛਗਿੱਛ ਵਿੱਚ ਸਹਿਯੋਗ ਨਹੀਂ ਕੀਤਾ ਗਿਆ।
ਦੱਸ ਦੇਈਏ ਕਿ ਬੇਅਦਬੀ ਮਾਮਲੇ ਵਿੱਚ ਫਰੀਦਕੋਟ ਦੀ ਹੇਠਲੀ ਅਦਾਲਤ ਨੇ ਡੇਰਾ ਮੁਖੀ ਨੂੰ ਮੁਲਜ਼ਮ ਬਣਾਇਆ ਸੀ ਅਤੇ ਡੇਰਾ ਮੁਖੀ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ। ਇੰਨ੍ਹਾਂ ਪ੍ਰੋਡਕਸ਼ਨ ਵਾਰੰਟਾਂ ਦੇ ਹੁਕਮਾਂ ਨੂੰ ਡੇਰਾ ਮੁਖੀ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਅਤੇ ਨਾਲ ਹੀ ਇਸ ਕੇਸ ਵਿੱਚ ਆਪਣੀ ਅਗਾਊਂ ਜ਼ਮਾਨਤ ਦੀ ਮੰਗ ਕਰਨ ਵਾਲੀ ਵੱਖਰੀ ਪਟੀਸ਼ਨ ਦਾਇਰ ਕੀਤੀ ਸੀ।
ਹਾਈ ਕੋਰਟ ਨੇ 28 ਅਕਤੂਬਰ ਨੂੰ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ਦੇ ਹੁਕਮਾਂ ਨੂੰ ਰੱਦ ਕਰਦਿਆਂ ਸਰਕਾਰ ਨੂੰ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਐਸ.ਆਈ.ਟੀ. ਨੇ ਸੋਨਾਰੀਆ ਜੇਲ੍ਹ ਜਾ ਕੇ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਹੈ।
ਇਹ ਵੀ ਪੜ੍ਹੋ: ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੀ ਅੰਤਮ ਅਰਦਾਸ, ਪੰਜਾਬ ਸਰਕਾਰ ਨੇ ਵੱਟਿਆ ਪਾਸਾ !