ਚੰਡੀਗੜ੍ਹ: ਕਿਸਾਨ ਅੰਦੋਲਨ ਕਾਰਨ ਬੀਜੇਪੀ ਦੀਆਂ ਮੁਸ਼ਕਲਾਂ ਹੋਰ ਵੱਧਣ ਲੱਗੀਆਂ ਹਨ। ਕਿਸਾਨਾਂ ਦੇ ਸੰਘਰਸ਼ 'ਤੇ ਕੇਂਦਰ ਦੇ ਰਵੱਈਏ ਅਤੇ ਜ਼ਿੱਦ ਕਾਰਨ ਹੁਣ ਭਾਜਪਾ ਲੀਡਰ ਅਤੇ ਐਨਡੀਏ ਦਾ ਭਾਈਵਾਲ ਵੀ ਪਾਸਾ ਵੱਟਣ ਲੱਗੇ ਹਨ। ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗਠਜੋੜ ਤੋੜਿਆ ਉੱਥੇ ਹੀ ਹੁਣ ਰਾਸ਼ਟਰੀ ਲੋਕਤੰਤਰ ਪਾਰਟੀ ਨੇ ਵੀ ਐਨਡੀਏ ਤੋਂ ਬਾਹਰ ਜਾਣ ਦੀ ਧਮਕੀ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਾਗਪੁਰ ਤੋਂ ਰਾਸ਼ਟਰੀ ਲੋਕਤੰਤਰੀ ਪਾਰਟੀ ਦੇ ਸਾਂਸਦ ਹਨੂਮਾਨ ਬੇਨੀਵਾਲ ਨੇ ਕਿਹਾ ਕਿ ਜੇਕਰ ਨਵੇਂ ਬਣੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤਾਂ ਪਾਰਟੀ ਵੱਲੋਂ ਕੇਂਦਰ ਨੂੰ ਸਮਰਥਨ 'ਤੇ ਮੁੜ ਗੌਰ ਕੀਤਾ ਜਾਵੇਗਾ। ਆਰਐਲਪੀ ਦੇ ਕਨਵੀਨਰ ਬੇਨੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਕਿਸਾਨੀ ਸੰਘਰਸ਼ ਕਈ ਭਾਜਪਾ ਆਗੂਆਂ ਨੂੰ ਬੀਜੇਪੀ ਤੋਂ ਪਾਸੇ ਹਟਾਉਣ 'ਚ ਕਾਮਯਾਬ ਹੋਈ ਹੈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੀਜੇਪੀ ਲੀਡਰ ਪਵਨ ਗੋਇਲ ਬੰਟੀ ਦੇ ਘਰ ਦੇ ਘਿਰਾਓ ਦੇ 25ਵੇਂ ਦਿਨ ਭਾਜਪਾ ਤੋਂ ਅਸਤੀਫ਼ਾ ਦਵਾਉਣ 'ਚ ਸਫ਼ਲ ਹੋਈ।
ਦੱਸਣਯੋਗ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਸੜਕਾਂ ਤੇ ਉੱਤਰੇ ਹੋਏ ਹਨ ਅਤੇ ਕਿਸਾਨਾਂ ਦੇ ਇਸ ਸੰਘਰਸ਼ 'ਚ ਕੇਂਦਰ ਦਾ ਰਵੱਈਆ ਸ਼ਰਮਨਾਕ ਰਿਹਾ ਹੈ, ਜਿਸ ਕਾਰਨ ਹੁਣ ਐਨਡੀਏ ਦੇ ਭਾਈਵਾਲ ਵੀ ਪਾਸਾ ਵੱਟਣ ਲੱਗੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਕਿਸਾਨਾਂ ਦੀ ਮੰਗਾਂ ਮੰਨ ਖੇਤੀ ਕਾਨੂੰਨ ਵਾਪਸ ਲਵੇਗੀ ਜਾਂ ਆਰਐਲਪੀ ਤੋਂ ਹੱਥ ਧੋਣਾ ਪਵੇਗਾ।