ਚੰਡੀਗੜ੍ਹ: ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਮੁੱਦਾ ਹੈ। ਨਸ਼ੇ ਨੇ ਪੰਜਾਬ ਵਿੱਚ ਇਸ ਤਰ੍ਹਾਂ ਪੈਰ ਪਸਾਰੇ ਹਨ ਕਿ ਇਸ ਤੋਂ ਨਾ ਤਾਂ ਮਰਦ ਬਚ ਸਕੇ ਹਨ ਅਤੇ ਨਾ ਹੀ ਔਰਤਾ ਬਚ ਸਕੀਆਂ ਹਨ। ਇਸ ਮੁੱਦੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਮਨੁੱਖੀ ਅਧਿਕਾਰ ਅਤੇ ਫਰਜ਼ ਕੇਂਦਰ ਦੀ ਖੋਜਕਰਤਾ ਡਾਕਟਰ ਅਭਿਜੀਤ ਕੌਰ ਢਿੱਲੋਂ ਨੇ ਪੰਜਾਬ ਵਿੱਚ ਔਰਤਾਂ ਵੱਲੋਂ ਨਸ਼ੇ ਦੀ ਵਰਤੋਂ ਨੂੰ ਲੈ ਕੇ ਇੱਕ ਖੋਜ ਕੀਤੀ ਹੈ। ਇਸ ਖੋਜ ਵਿੱਚ ਉਨ੍ਹਾਂ ਨੇ ਔਰਤਾਂ ਦੇ ਨਸ਼ੇ ਕਰਨ ਦੀ ਆਦਤ ਅਤੇ ਇਸ ਨੂੰ ਠੀਕ ਕਰਨ ਦੇ ਸਰਕਾਰੀ ਉਪਰਾਲਿਆਂ ਨੂੰ ਉਜਾਗਰ ਕੀਤਾ ਹੈ।
ਡਾਕਟਰ ਅਭਿਜੀਤ ਸਿੰਘ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਆਪਣੀ ਖੋਜ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ 2015 ਦੇ ਪੀਜੀਆਈ ਦੇ ਇੱਕ ਅਧਿਐਨ ਮੁਤਾਬਕ ਪੰਜਾਬ ਵਿੱਚ 10 ਹਜ਼ਾਰ ਦੇ ਕਰੀਬ ਔਰਤਾਂ ਨਸ਼ੇ ਦੀਆਂ ਆਦੀ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਔਰਤਾਂ ਲਈ ਸਿਰਫ ਇੱਕ ਹੀ ਨਸ਼ਾ ਛਡਾਊ ਕੇਂਦਰ ਹੈ ਜੋ ਕਿ ਕਪੂਰਥਲਾ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵੀ ਸਿਰਫ਼ 10-15 ਔਰਤਾਂ ਹੀ ਰਹਿ ਕੇ ਇਲਾਜ ਕਰਵਾ ਰਹੀਆਂ ਹਨ ਅਤੇ ਕੁਝ ਔਰਤਾਂ ਓਪੀਡੀ ਰਾਹੀਂ ਆਪਣਾ ਇਲਾਜ ਕਰਵਾ ਰਹੀਆਂ ਹਨ।
ਡਾਕਟਰ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਵਿੱਚ ਆਰਕੈਸਟਰਾਂ ਗਰੁੱਪਾਂ 'ਚ ਕੰਮ ਕਰਨ ਵਾਲੀਆਂ, ਸੈਕਸ ਵਰਕਰਾਂ, ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ ਜਿਆਦਾਤਰ ਕਮਜ਼ੋਰ ਸਮਾਜਿਕ ਅਤੇ ਆਰਥਿਕ ਸਥਿਤੀ ਵਾਲੀਆਂ ਔਰਤਾਂ ਹੀ ਸ਼ਾਮਲ ਹਨ।
ਡਾਕਟਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਨਸ਼ਾ ਛਡਾਊ ਕੇਂਦਰ ਵਿੱਚ ਦਿੱਤੀ ਜਾਣ ਵਾਲੀ ਦਵਾਈ ਬਹੁਤੀ ਕਾਰਗਰ ਸਾਬਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਨੂੰ ਅਪਰਾਧੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਸਮਾਜਿਕ 'ਚ ਮੁੜ ਸ਼ਾਮਲ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛਡਾਊ ਕੇਂਦਰਾਂ ਵਿੱਚ ਇਨ੍ਹਾਂ ਲੋਕਾਂ ਨੂੰ ਕੌਂਸਲੰਿਗ ਦਿੱਤੀ ਜਾਣੀ ਚਾਹੀਦੀ ਹੈ ਅਤੇ ਮਾਨਸਿਕ ਤੌਰ 'ਤੇ ਤਿਆਰ ਕਰਨਾ ਚਾਹੀਦਾ ਹੈ।