''ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ
ਕਿ ਦੁਨੀਆ ਦੇ ਸਭ ਤੋਂ ਪਵਿੱਤਰ ਹਰਫ਼ਾਂ ਨੇ
ਬਣ ਜਾਣਾ ਸੀ ਸਿੰਘਾਸਣ ਦੇ ਪੌਡੇ-
ਮਾਰਕਸ ਦਾ ਸ਼ੇਰ ਵਰਗਾ ਸਿਰ
ਦਿੱਲੀ ਦੀਆਂ ਭੂਲ-ਭੁਲਈਆਂ ਵਿੱਚ ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ।
ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ 'ਚ ਹੋਣਾ ਸੀ ''
ਇਸ ਰੋਹ ਭਰੀ ਕਵਿਤਾ ਦੀ ਉਹ ਆਵਾਜ਼ 23 ਮਾਰਚ, 1988 ਨੂੰ ਖਾਮੋਸ਼ ਹੋ ਗਈ, ਜਿਸ ਨੇ ਦੋ ਦਹਾਕੇ ਪੰਜਾਬੀ ਕਵਿਤਾ ਨੂੰ ਇੱਕ ਨਵਾਂ ਇਨਕਲਾਬੀ ਅਯਾਮ, ਇੱਕ ਨਵੀਂ ਜੁਝਾਰੂ ਸੋਚ ਦਿੱਤੀ। ਉਸਨੂੰ ਵਿਦਰੋਹ ਦੇ ਨਵੇਂ ਸੁਰਾਂ ਨਾਲ ਦੁਬਾਰਾ ਲੈਸ ਕੀਤਾ। ਪਾਸ਼ ਨੂੰ ਖਾਲਿਸਤਾਨੀ ਖਾੜਕੂਆਂ ਨੇ ਗੋਲੀ ਮਾਰ ਦਿੱਤੀ। ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਹੀ ਪਾਸ਼ ਵੀ ਸ਼ਹੀਦ ਹੋਇਆ। ਜੇਕਰ ਅਵਤਾਰ ਸਿੰਘ ਪਾਸ਼ ਦੀ ਪੂਰੀ ਜ਼ਿੰਦਗੀ ਨੂੰ ਪੇਪਰ ਉਤੇ ਉਕੇਰਨਾ ਚਾਂਹਾ ਤਾਂ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਵੇ ਪਰ ਉਸ ਦੇ ਅੱਜ ਸ਼ਹੀਦੀ ਦਿਵਸ ਮੌਕੇ ਉਸ ਨੂੰ ਯਾਦ ਕਰਦਿਆਂ ਉਸ ਦੇ ਜੀਵਨ ਦੇ ਕੁਝ ਕੁ ਪੰਨੇ ਉਕੇਰਨਾ ਚਾਹਾਂਗਾ।
ਪਾਸ਼ ਦੀ ਕਵਿਤਾ ਤੋਂ ਅਸੀਂ ਸਭ ਜਾਣੂੰ ਹਾਂ
ਪਾਸ਼ ਦੀ ਕਵਿਤਾ ਤੋਂ ਅਸੀਂ ਸਭ ਜਾਣੂੰ ਹਾਂ। ਪਾਸ਼ ਦੀ ਸਿਆਸਤ ਕੀ ਸੀ, ਜਿਸਨੂੰ ਉਸ ਦੀਆਂ ਕਵਿਤਾਵਾਂ ਨੇ ਪ੍ਰਗਟਾਵਾ ਦਿੱਤਾ ? ਇਸ ਸਿਆਸਤ ਅਤੇ ਉਸਦੇ ਵਿਕਾਸਕ੍ਰਮ ਨੂੰ ਸਮਝੇ ਬਿਨਾਂ ਅਸੀਂ ਪਾਸ਼ ਅਤੇ ਉਸ ਦੀ ਕਵਿਤਾ ਨੂੰ ਪੜ੍ਹ ਤਾਂ ਸਕਦੇ ਹਾਂ, ਸਮਝ ਨਹੀਂ ਸਕਦੇ। ਕੀ ਮਹਿਜ਼ ਇਹ ਕਹਿ ਦੇਣ ਭਰ ਨਾਲ ਕਿ ਪਾਸ਼ ਖੱਬੇਪੱਖੀ ਜਾਂ ਇਨਕਲਾਬੀ ਕਵੀ ਸਨ। ਪਾਸ਼ ਅਤੇ ਉਸਦੀ ਕਵਿਤਾ ਨੂੰ ਉਸਦੇ ਉਸ ਵਿਕਾਸ ਨੂੰ ਸਮਝਿਆ ਜਾ ਸਕਦਾ ਹੈ, ਜਿਸਨੇ ਪਾਸ਼ ਨੂੰ ਨਾ ਸਿਰਫ਼ ਪੂੰਜੀਵਾਦੀ ਸੱਤਾ ਅਤੇ ਖਾਲਿਸਤਾਨੀਆਂ, ਸਗੋਂ ਝੂਠੇ ਖੱਬੇਪੱਖੀਆਂ ਮੂਹਰੇ ਵੀ ਮੁੱਖ ਨਿਸ਼ਾਨੇ 'ਤੇ ਲਿਆ ਛੱਡਿਆ ਸੀ।
ਪਾਸ਼ ਨਾਲ ਵੀ ਉਹੀ ਹੋਇਆ, ਜੋ ਭਗਤ ਸਿੰਘ ਨਾਲ ਹੋਇਆ, ਜਿਨ੍ਹਾਂ ਲੋਕਾਂ ਨੇ ਉਸ ਦਾ ਵਿਰੋਧ ਕੀਤਾ, ਧਮਕੀਆਂ ਦਿੱਤੀਆਂ, ਉਨ੍ਹਾਂ ਨੂੰ ਕਿਨਾਰੇ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ ਜਿਨ੍ਹਾਂ ਦਾ ਪਾਸ਼ ਨੇ ਜ਼ਿੰਦਗੀ ਭਰ ਵਿਰੋਧ ਕੀਤਾ, ਉਹੀ ਲੋਕ ਪਾਸ਼ ਦੀ ਸ਼ਹਾਦਤ ਮਗਰੋਂ ਉਸਦੇ ਪੋਸਟਰ ਲੈ ਕੇ ਸਭ ਤੋਂ ਮੂਹਰਲੀਆਂ ਕਤਾਰਾਂ 'ਚ ਖੜ੍ਹੇ ਹੋ ਗਏ। ਇਸ ਸ਼ਹਾਦਤ ਦਾ ਲਾਹਾ ਲੈਣ ਲਈ। ਭਗਤ ਸਿੰਘ ਦੀ ਹੀ ਤਰ੍ਹਾਂ ਪਾਸ਼ ਦੇ ਸਿਆਸੀ ਦੁਸ਼ਮਣ ਵੀ ਉਨ੍ਹਾਂ ਦੀ ਸਿਆਸਤ ਨੂੰ ਧੁੰਦਲਾਉਣ 'ਚ ਜੁਟੇ ਹਨ। ਕਹਿਣ ਦੀ ਲੋੜ ਨਹੀਂ ਕਿ ਭਗਤ ਸਿੰਘ ਅਤੇ ਪਾਸ਼ ਦੋਨਾਂ ਦੀ ਸਿਆਸਤ ਇੱਕ ਹੀ ਹੈ।
ਮਹਾਨ ਯੋਧੇ ਦੀ ਸਿਆਸਤ 'ਤੇ ਰੌਸ਼ਨੀ ਪਾਉਂਦੇ ਨੇ ਲੇਖ ਤੇ ਚਿੱਠੀਆਂ
ਪਾਸ਼ ਦੇ ਲੇਖ ਅਤੇ ਚਿੱਠੀਆਂ, ਜਿਨ੍ਹਾਂ ਦਾ ਸਿਰਫ਼ ਇੱਕ ਹਿੱਸਾ ਹੀ ਬਚ ਸਕਿਆ ਹੈ, ਨਾ ਸਿਰਫ ਆਪਣੇ ਸਮੇਂ ਦੇ ਉਸ ਸਭ ਤੋਂ ਮਹਾਨ ਯੋਧੇ ਦੀ ਸਿਆਸਤ 'ਤੇ ਰੌਸ਼ਨੀ ਪਾਉਂਦੀਆਂ ਹਨ, ਸਗੋਂ ਉਸਦੇ ਵਿਰੋਧੀਆਂ, ਪਤੀਤ-ਖੱਬੇਪੱਖੀਆਂ ਦੇ ਕਾਰਨਾਮਿਆਂ, ਲਫ਼ਾਜ਼ੀ ਅਤੇ ਝੂਠੀ ਕ੍ਰਾਂਤੀਕਾਰਤਾ ਦੀ ਗਵਾਹੀ ਦਿੰਦੀਆਂ ਹਨ। ਮਹਾਨ ਲੇਖਕ ਤੇ ਕਵੀ ਅਵਤਾਰ ਸਿੰਘ ਪਾਸ਼ ਭਾਂਵੇ ਇਸ ਸਮੇਂ ਸਾਡੇ ਵਿਚਾਲੇ ਨਾ ਹੋਣ ਪਰ ਉਨ੍ਹਾਂ ਦੀਆਂ ਸੇਧ ਦੇਣ ਅਤੇ ਸੋਚ ਨੂੰ ਵਿਕਸਤ ਕਰਨ ਵਾਲੀਆਂ ਰਚਨਾਵਾਂ ਦੇ ਸਦਕਾ ਅੱਜ ਤੇ ਅਜੋਕੇ ਸਮੇਂ ਵਿੱਚ ਵੀ ਅਵਤਾਰ ਸਿੰਘ 'ਪਾਸ' ਸਾਡੇ ਵਿਚਾਲੇ ਅਮਰ ਰਹਿਣਗੇ।
ਪਾਸ਼ ਦਾ ਜਨਮ 9 ਸਤੰਬਰ 1950 ਨੂੰ
ਪਾਸ਼ ਦਾ ਜਨਮ 9 ਸਤੰਬਰ 1950 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ ਹੋਇਆ। ਪਾਸ਼ ਇਕ ਸੰਧੂ ਪਰਿਵਾਰ ਵਿੱਚ ਪੈਦਾ ਹੋਏ ਅਕਤੇ ਹੋਇਆ ਸੀ ਅਤੇ ਉਨ੍ਹਾਂ ਦੇ ਜਮਾਂਦਰੂ ਨਾਮ ''ਅਵਤਾਰ ਸਿੰਘ ਸੰਧੂ'' ਪਿਆ। ਪਾਸ਼ ਦੇ ਪਿਤਾ ਸੋਹਨ ਸਿੰਘ ਸੰਧੂ ਸਾਢੇ ਨੌ ਕੁ ਏਕੜ ਜ਼ਮੀਨ ਦੇ ਮਾਲਕ ਸਨ ਪਰ ਜ਼ਮੀਨ ਹੋ ਦੇ ਬਾਵਜੂਦ ਉਨ੍ਹਾਂ ਫੌਜ ਦੀ ਨੌਕਰੀ ਕਰਕੇ ਪਰਿਵਾਰ ਦਾ ਪਿੰਡ, ਪੇਂਡੂ ਭਾਈਚਾਰੇ ਤੇ ਖੇਤੀਬਾੜੀ ਨਾਲ ਰਿਸ਼ਤਾ ਮੋਕਲਾ ਜਿਹਾ ਕਰ ਦਿੱਤਾ।
ਇੱਕ ਭਰਾ ਤੇ ਦੋਵਾਂ ਭੈਣਾਂ ਦੇ ਭਰਾ ਪਾਸ਼ ਨੂੰ ਆਰਥਿਕ ਤੰਗੀ ਤਾਂ ਸ਼ਾਇਦ ਨਹੀਂ ਸੀ ਪਰ ਉਨ੍ਹਾਂ ਨੂੰ ਵੱਖਰੇ ਢੰਗ ਨਾਲ ਜਿਉਣ ਦੀ ਅਭਿਲਾਸ਼ਾ ਹੀ ਉਸ ਨੂੰ ਗਾਡੀ ਰਾਹ ਤੋ ਪਰ੍ਹੇ ਲੈ ਗਈ ਜਾਪਦੀ ਹੈ। ਜਦੋਂ ਪਾਸ਼ ਛੇ ਸਾਲ ਦਾ ਹੋਇਆ ਤਾਂ ਉਸ ਨੂੰ ਪਰਿਵਾਰ ਨੇ ਸਕੂਲ ਪੜ੍ਹਣੇ ਪਾ ਦਿੱਤਾ। 1964 ਵਿੱਚ ਉਸ ਨੇ 8ਵੀਂ ਜਮਾਤ ਪਾਸ ਕਰ ਕੇ ਕਪੂਰਥਲੇ ਦੇ ਟੈਕਨੀਕਲ ਸਕੂਲ ਵਿੱਚ ਦਾਖ਼ਲਾ ਲੈ ਲਿਆ। ਪਰ ਉਹ ਤਾਂ ਕਿਸੇ ਹੋਰ ਰਾਹ ਦੀ ਪਾਂਧੀ ਸੀ ਤੇ ਇਹ ਪੇਸ਼ੇਵਾਰਾਨਾ ਸਿਖਲਾਈ ਉਸ ਨੂੰ ਕਿੱਥੇ ਰਾਸ ਆਉਣੀ ਸੀ। ਪਾਸ਼ ਇਸ ਪੇਸ਼ੇਵਾਰਾਨਾ ਸਿਖਲਾਈ ਨੂੰ ਤਿਲਾਂਜਲੀ ਦੇ ਦਿੱਤੀ ਤੇ 10ਵੀਂ ਪਾਸ ਕਰਨ ਲਈ ਜਲੰਧਰ ਛਾਉਣੀ ਦੇ ਇੱਕ ਸਕੂਲ ਵਿੱਚ ਦਾਖ਼ਲਾ ਲੈ ਲਿਆ। ਇੱਥੇ ਵੀ ਉਹ ਇੱਕ ਸਾਲ ਤੋਂ ਵੱਧ ਨਾ ਠਹਿਰ ਸਕਿਆ।
ਅਵਤਾਰ ਸਿੰਘ ਸੰਧੂ ਨੇ ਆਪਣਾ ਤਖੱਲਸ ''ਪਾਸ਼'' ਵੀ ਅਧਿਆਪਕਾਂ ਦੇ ਨਾਮ ਪ੍ਰਵੇਸ਼ ਦੇ ਪਹਿਲੇ ਅਤੇ ਆਖਰੀ ਅੱਖਰਾਂ ਦੀ ਸੰਧੀ ਨਾਲ ਘੜਿਆ ਸੀ। ਜਿਸ ਫ਼ਾਰਸੀ ਸ਼ਬਦ ਦੇ ਅਰਥ ''ਛਿੜਕਣ ਵਾਲੇ ਜਾਂ ਫੈਲਾਉਣ ਵਾਲੇ'' ਹਨ। ਸਮਾਜਿਕ ਬੰਧਨਾ, ਧਾਰਮਿਕ ਮਾਨਤਾਵਾਂ ਤੇ ਸੱਭਿਆਚਾਰਕ ਰੀਤੀ-ਰਿਵਾਜਾਂ ਤੋਂ ਪਿੱਛਾ ਛੁਡਾ ਕੇ ਉਹ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਉਸ ਇਹ ਨੌਕਰੀ ਵੀ ਥੋੜ੍ਹੇ ਸਮੇਂ ਬਾਅਦ ਹੀ ਛੱਡ ਉਹ ਨਕਸਲਬਾੜੀ ਲਹਿਰ ਦਾ ਪਾਂਧੀ ਹੋ ਤੁਰਿਆ। ਉਸ ਵੇਲੇ ਦੇ ਸਰਕਾਰੀ ਰਿਕਾਰਡ ਵਿੱਚ ਉਸ ਦਾ ਨਾਮ ਨਾਜਾਇਜ਼ ਜਾਂ ਨਾਜਾਇਜ਼ ਰੂਪ ਵਿੱਚ ਇਸ ਹਥਿਆਰਬੰਦ ਲਹਿਰ ਦੇ ਕਾਰਜ ਕਰਤਾਵਾਂ ਨਾਲ ਜੁੜਨ ਲੱਗ ਪਿਆ। ਜਿਸ ਕਾਰਨ ਉਸ ਨੂੰ ਕਈ ਵਾਰ ਜੇਲ੍ਹ ਦੀ ਵੀ ਹਵਾ ਖਾਣੀ ਪਈ। ਉਸ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਤੇ ਉਸ ਦੇ ਘਰ ਬੇਟੀ ਵਿੰਕਲ ਨੇ ਜਨਮ ਲਿਆ।
ਪੰਜਾਬ ਵਿੱਚ '84 ਦੇ ਦਹਾਕੇ ਵਿੱਚ ਪਨਪਿਆ ਕਾਲਾ ਦੌਰ ਉਸ ਦੀ ਜਾਨ ਲਈ ਖਤਰਾ ਬਣ ਗਿਆ ਕਿਉਂਕਿ ਖਾੜਕੂਵਾਦ ਦੀ ਲਿਸਟ ਵਿੱਚ ਜੋ ਸ਼ਾਮਲ ਹੋ ਗਿਆ ਸੀ। ਆਪਣੇ ਆਪ ਨੂੰ ਬਚਾਉਣ ਲਈ ਉਹ ਵਿਦੇਸ਼ ਵੀ ਗਿਆ ਪਰ 23 ਮਾਰਚ 1988 ਨੂੰ ਹੰਸ ਰਾਜ ਨਾਮੀ ਮਿੱਤਰ ਨਾਲ ਟਿਊਬਵੈੱਲ 'ਤੇ ਨਹਾਉਣ ਗਿਆ ਉਹ ਗੋਲੀਆ ਨਾਲ ਭੁੰਨ ਦਿੱਤਾ ਗਿਆ। ਇਸ ਤਰ੍ਹਾਂ ਪਾਸ਼ ਨਾਮੀ ਸੂਰਜ ਸਦਾ ਲਈ ਛਿਪ ਗਿਆ। ਅਵਤਾਰ ਸਿੰਘ ਪਾਸ਼ ਦੀ ਜ਼ਿੰਦਗੀ ਦੇ ਹੋਰਨਾ ਪਹਿਲੂਆਂ ਨੂੰ ਸਮਝਣ ਲਈ ਉਸ ਦੀਆਂ ਰਚਨਾਵਾਂ ਨੂੰ ਵਾਚਣਾ ਬਹੁਤ ਜ਼ਰੂਰੀ ਹੈ।