ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਅਤੇ ਨਿੱਜੀ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ. ਦੀ ਮਿਆਦ ਨਵੰਬਰ 2020 ਤੱਕ ਵਧਾ ਦਿੱਤੀ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 5331.79 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2020 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇੱਕ ਸਰਕਾਰੀ ਬੁਲਾਰੇ ਮੁਤਾਬਕ ਇਸ ਨਾਲ ਅਕਤੂਬਰ ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 30,220.82 ਕਰੋੜ ਰੁਪਏ ਦੀ ਸੀਮਾ ਵਧ ਕੇ ਨਵੰਬਰ, 2020 ਦੇ ਅਖ਼ੀਰ ਤੱਕ 35,552.61 ਕਰੋੜ ਰੁਪਏ ਹੋ ਗਈ ਹੈ।
ਸਾਉਣੀ ਮੰਡੀਕਰਨ ਸੀਜ਼ਨ 2020-21 ਦੌਰਾਨ ਨਵੇਂ ਖਾਤਾ ਨੰ.-7 ਤਹਿਤ ਝੋਨੇ ਦੀ ਖਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਧਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।