ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਐਸ.ਏ.ਐਸ.ਨਗਰ ਵਿਖੇ ਰੈਪਿਡ ਐਂਟੀਜਨ ਜਾਂਚ ਸ਼ੁਰੂ ਕੀਤੀ ਗਈ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 2365 ਰੈਪਿਡ ਐਂਟੀਜਨ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ 197 ਪੌਜ਼ੀਟਿਵ ਅਤੇ 2168 ਟੈਸਟ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ ਹੋਰ ਜ਼ਿਲ੍ਹਿਆਂ ਕਪੂਰਥਲਾ, ਫ਼ਤਿਹਗੜ੍ਹ ਸਾਹਿਬ ਅਤੇ ਰੋਪੜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟੈਸਟਿੰਗ ਪ੍ਰਕਿਰਿਆ ਨੂੰ ਤੇਜ਼ੀ ਲਿਆਉਣ ਲਈ ਇਸ ਜਾਂਚ ਨੂੰ ਸ਼ੁਰੂ ਕਰਨ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੋਵਿਡ-19 ਦੀ ਲਾਗ ਦਾ ਜਲਦੀ ਪਤਾ ਲਗਾਉਣ ਅਤੇ ਪ੍ਰਬੰਧਨ ਲਈ ਰੈਪਿਡ ਐਂਟੀਜੇਨ ਜਾਂਚ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸਆਰਐਸ-ਕੋਵ-2 ਐਂਟੀਜਨ ਦੀ ਗੁਣਾਤਮਕ ਜਾਂਚ ਲਈ ਤੇਜ਼ ਐਂਟੀਜੇਨ ਟੈਸਟ ਕਿੱਟਾਂ ਇੱਕ ਤੇਜ਼ ਤੇ ਵਧੀਆ ਕ੍ਰੋਮੈਟੋਗ੍ਰਾਫਿਕ ਇਮਿਊਨੇਸੀ ਹੈ। ਇਹ ਐਸ ਡੀ ਬਾਇਓਸੈਂਸਰ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ 30 ਮਿੰਟਾਂ ਦੇ ਅੰਦਰ ਟੈਸਟ ਦੇ ਨਤੀਜੇ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਐਂਟੀਜੇਨ ਟੈਸਟ ਦੁਆਰਾ ਪੌਜ਼ੀਟਿਵ ਪਾਏ ਗਏ ਹਨ, ਉਨ੍ਹਾਂ ਨੂੰ ਪੌਜ਼ੀਟਿਵ ਮੰਨਿਆ ਜਾਵੇਗਾ ਜਦੋਂ ਕਿ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਰਹਿਣ ਵਾਲਿਆਂ ਦਾ ਦੁਬਾਰਾ ਟੈਸਟ ਸੀਬੀ ਨਾਟ/ਟਰੂਨੇਟ/ਆਰਟੀ ਪੀਸੀਆਰ ਦੁਆਰਾ ਕੀਤਾ ਜਾਵੇਗਾ।
ਸਿੱਧੂ ਨੇ ਕਿਹਾ ਕਿ ਨਾਸੋਫੈਰਿਜੈਂਲ ਸਵੈਬ ਹਸਪਤਾਲ ਦੀ ਸੈਟਿੰਗ ਵਿਚ ਜਾਂ ਕਮਿਊਨਿਟੀ ਵਿਚ ਪੀਪੀਈ ਦੀ ਵਰਤੋਂ ਕਰਦਿਆਂ ਸਿਖਲਾਈ ਪ੍ਰਾਪਤ ਡਾਕਟਰਾਂ ਜਾਂ ਪੈਰਾ ਮੈਡੀਕਲ ਦੁਆਰਾ ਸੈਂਪਲ ਇਕੱਤਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐਸ.ਆਰ.ਆਈ. ਮਰੀਜ਼ਾਂ ਵਰਗੀਆਂ ਸ਼੍ਰੇਣੀਆਂ ਦੀ ਐਂਟੀਜੇਨ ਟੈਸਟਿੰਗ ਤੋਂ ਇਲਾਵਾ, ਕੋਵਿਡ-19 ਪੌਜ਼ੀਟਿਵ ਮਰੀਜ਼ਾਂ, ਲੱਛਣ ਵਾਲੇ ਵਿਅਕਤੀਆਂ ਅਤੇ ਉੱਚ-ਜ਼ੋਖ਼ਮ ਵਾਲੇ ਸੰਪਰਕ, ਜੋ ਕਿ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿਚ ਘਰ-ਘਰ ਜਾ ਕੇ ਜਾਂਚ ਕਰਦੇ ਹਨ।