ਚੰਡੀਗੜ੍ਹ: ਰਜੀਆ ਸੁਲਤਾਨਾ ਮਲੇਰਕੋਟਲਾ ਤੋਂ ਪਿਛਲੇ ਦੋ ਦਹਾਕਿਆਂ ਤੋਂ ਕਾਂਗਰਸ ਦੇ ਉੱਘੇ ਮਹਿਲਾ ਨੇਤਾ ਰਹੇ ਹਨ। ਸਾਲ 1997-2002 ‘ਚ ਅਕਾਲੀਆਂ ਦੀ ਸਰਕਾਰ ਉਪਰੰਤ ਕੈਪਟਨ ਅਮਰਿੰਦਰ ਸਿੰਘ ਤਗੜੇ ਹੋ ਕੇ ਉਭਰੇ ਤਾਂ ਰਜੀਆ ਸੁਲਤਾਨਾ ਕਾਂਗਰਸ ਦੇ ਉਮੀਦਵਾਰ ਬਣੇ ਤੇ ਪਹਿਲੀ ਵਾਰ ਚੋਣ ਜਿੱਤੇ। 2002 ਤੱਕ ਮਲੇਰ ਕੋਟਲਾ ਸੀਟ ‘ਤੇ ਚੌਧਰੀ ਕਲਾਥ ਹਾਊਸ ਵਾਲੇ ਗਫੂਰ ਪਰਿਵਾਰ ਦਾ ਦਬਦਬਾ ਰਿਹਾ ਪਰ ਇਸ ਉਪਰੰਤ ਇਥੋਂ ਦੀ ਰਾਜਨੀਤੀ ਪੰਜਾਬ ਪੁਲਿਸ ਦੇ ਦੋ ਵੱਡੇ ਅਫਸਰਾਂ ਦੇ ਦੁਆਲੇ ਘੁੰਮਦੀ ਰਹੀ। ਇਜਹਾਰ ਆਲਮ ਅਕਾਲੀ ਦਲ ਦੇ ਨੇੜੇ ਸੀ ਤਾਂ ਮੁਹੰਮਦ ਮੁਸਤਫਾ ਕਾਂਗਰਸ ਪੱਖੀ।
2002 ਤੋਂ ਲਗਾਤਾਰ ਬਣਦੇ ਆਏ ਕਾਂਗਰਸ ਦੇ ਉਮੀਦਵਾਰ
2002 ਵਿੱਚ ਮੁਸਤਫਾ ਦੀ ਪਤਨੀ ਰਜੀਆ ਸੁਲਤਾਨਾ ਨੂੰ ਟਿਕਟ ਮਿਲੀ ਤੇ ਉਹ ਚੋਣ ਜਿੱਤ ਗਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਬਣਾ ਕੇ ਇਲਾਕੇ ਨੂੰ ਬਣਦਾ ਮਾਣ ਦਿੱਤਾ। 2007 ਵਿੱਚ ਉਹ ਮੁੜ ਕਾਂਗਰਸ ਦੀ ਟਿਕਟ ‘ਤੇ ਹੀ ਚੋਣ ਜਿੱਤ ਗਏ ਪਰ ਸਰਕਾਰ ਅਕਾਲੀ-ਭਾਜਪਾ ਗਠਜੋੜ ਦੀ ਬਣ ਗਈ। ਇਸ ਜਿੱਤ ਕਾਰਨ ਉਨ੍ਹਾਂ ਨੂੰ ਕਾਂਗਰਸ ਨੇ 2012 ਵਿੱਚ ਮੁੜ ਟਿਕਟ ਦਿੱਤੀ ਪਰ ਇਸ ਵਾਰ ਇਜਹਾਰ ਆਲਮ ਦੇ ਪਤਨੀ ਨਿਸਾਰਾ ਖਾਤੂਨ ਜਿੱਤ ਗਏ ਤੇ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿੱਚ ਸਰਕਾਰ ਦੁਹਰਾਉਣ ਵਿੱਚ ਕਾਮਯਾਬ ਹੋ ਗਿਆ। ਹਾਲਾਂਕਿ ਕਾਂਗਰਸ ਦੀ ਟਿਕਟ ਤੋਂ 2012 ਵਿੱਚ ਰਜੀਆ ਸੁਲਤਾਨਾ ਚੋਣ ਹਾਰ ਗਏ।
ਹਾਰ ਦੇ ਬਾਵਜੂਦ ਕੈਪਟਨ ਨੇ ਦਿਵਾਇਆ ਟਿਕਟ
ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਵਿੱਚ ਚੋਣ ਲੜਨ ਵਾਲੀ ਕਾਂਗਰਸ ਨੇ 2017 ਵਿੱਚ ਰਜੀਆ ਸੁਲਤਾਨਾ ‘ਤੇ ਮੁੜ ਦਾਅ ਖੇਡਿਆ ਤੇ ਉਹ ਫੇਰ ਚੋਣ ਜਿੱਤ ਗਏ ਤੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮੰਤਰੀ ਵੀ ਬਣਾ ਦਿੱਤਾ। ਇਸ ਤਰ੍ਹਾਂ ਨਾਲ ਰਜੀਆ ਸੁਲਤਾਨਾ ਕੁਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਵਿੱਚ ਗਿਣੇ ਜਾਂਦੇ ਰਹੇ ਪਰ ਸੁਰੇਸ਼ ਅਰੋੜਾ ਦੇ ਡੀਜੀਪੀ ਦਾ ਕਾਰਜਕਾਲ ਖਤਮ ਹੋਣ ਉਪਰੰਤ ਜਦੋਂ ਡੀਜੀਪੀ ਬਣਨ ਦੀ ਵਾਰੀ ਆਈ ਤਾਂ ਮੁਹੰਮਦ ਮੁਸਤਫਾ ਨੂੰ ਕਾਫੀ ਉਮੀਦ ਸੀ ਕਿ ਸ਼ਾਇਦ ਕੈਪਟਨ ਨਾਲ ਨਜਦੀਕੀ ਕਾਰਨ ਉਨ੍ਹਾਂ ਨੂੰ ਡੀਜੀਪੀ ਬਣਾ ਦਿੱਤਾ ਜਾਵੇਗਾ ਪਰ ਡੀਜੀਪੀ ਦਿਨਕਰ ਗੁਪਤਾ ਬਣ ਗਏ। ਇਥੋਂ ਹੀ ਮੁਸਤਫਾ ਪਰਿਵਾਰ ਦੀ ਕੈਪਟਨ ਨਾਲ ਦੂਰੀਆਂ ਵਧਦੀਆਂ ਗਈਆਂ ਤੇ ਸੇਵਾਮੁਕਤੀ ਉਪਰੰਤ ਮੁਸਤਫਾ ਨੇ ਸਿੱਧੂ ਨਾਲ ਹੱਥ ਮਿਲਾ ਲਿਆ।
ਰਜੀਆ ਦੇ ਕਹਿਣ ‘ਤੇ ਕੈਪਟਨ ਨੇ ਮਲੇਰਕੋਟਲਾ ਨੂੰ ਬਣਾਇਆ ਜਿਲ੍ਹਾ
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਰਜੀਆ ਸੁਲਤਾਨਾ ਦੇ ਕਹਿਣ ‘ਤੇ ਮਲੇਰ ਕੋਟਲੇ ਨੂੰ ਜਿਲ੍ਹੇ ਦਾ ਦਰਜਾ ਵੀ ਦੇ ਦਿੱਤਾ ਸੀ। ਸੋਮਵਾਰ ਨੂੰ ਸਿੱਧੂ ਵੱਲੋਂ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਪਰੰਤ ਲਗੇ ਹੱਥ ਰਜੀਆ ਸੁਲਤਾਨਾ ਨੇ ਵੀ ਆਪਣੇ ਮੰਤਰਾਲੇ ਤੋਂ ਅਸਤੀਫਾ ਦੇ ਦਿੱਤਾ ਤੇ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਨਾਲ ਖੜ੍ਹੇ ਹਨ।
20 ਸਾਲ ਦਾ ਸਾਥ ਸਿੱਧੂ ਨਾਲ ਨਜਦੀਕੀ ਕਾਰਨ ਟੁੱਟਿਆ
ਇਸ ਤਰ੍ਹਾਂ ਕੈਪਟਨ ਨਾਲ 20 ਸਾਲ ਪਹਿਲਾਂ ਰਜੀਆ ਸੁਲਤਾਨਾ ਵੱਲੋਂ ਸ਼ੁਰੂ ਕੀਤੀ ਸਿਆਸਤ ਸਿੱਧੂ ਨਾਲ ਨਜਦੀਕੀਆਂ ਕਾਰਨ ਹੁਣ ਤੱਕ ਦੇ ਅਸਤੀਫੇ ਤੱਕ ਪੁੱਜ ਗਈ ਹੈ। ਅਜੇ ਇਹ ਵੇਖਣਾ ਬਾਕੀ ਹੈ ਕਿ ਅਗਲਾ ਕਦਮ ਕੀ ਹੋਵੇਗਾ।