ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਦਾ ਆਪ ਵਿਧਾਇਕਾਂ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੀਬ ਸੱਤ-ਅੱਠ ਦਿਨ ਪਹਿਲਾਂ ਪੰਜਾਬ ਦੇ ਇੱਕ ਬਹੁਤ ਹੀ ਸੀਨੀਅਰ ਇੰਟੈਲੀਜੈਂਸ ਅਧਿਕਾਰੀ ਨੇ ਪੰਜਾਬ ਦੇ ਇੱਕ ਅਧਿਕਾਰੀ ਨੂੰ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ 9 ਵਿਧਾਇਕ, ਜੋ ਕਿ ਕਾਂਗਰਸ ਅਤੇ ਹੋਰ ਪਾਰਟੀਆਂ ਤੋਂ ਆਏ ਹਨ, ਕਾਂਗਰਸ ਪਾਰਟੀ ਦੇ ਸੰਪਰਕ ਵਿੱਚ ਹਨ ਅਤੇ ਉਹ ਕਿਸੇ ਵੀ ਸਮੇਂ ਪਾਰਟੀ ਛੱਡ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਤਿੰਨ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦੂਜੀਆਂ ਪਾਰਟੀਆਂ ਨਾਲ ਸੰਪਰਕ ਕਰਨ ਵਾਲੇ 12 ਵਿਧਾਇਕ ਪਾਰਟੀਆਂ ਬਦਲ ਕੇ ਦੂਜੀ ਪਾਰਟੀ ਵਿੱਚ ਜਾਣ ਲਈ 100 ਫੀਸਦੀ ਤਿਆਰ ਹਨ। ਇਸ ਲਈ ਇਹ ਆਪਰੇਸ਼ਨ ਲੋਟਸ ਦੀ ਗੱਲ ਕਰ ਰਹੇ ਹਨ ਕਿਉਂਕਿ 12 ਤੋਂ 13 ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹਨ। ਉਹ ਕਿਸੇ ਵੀ ਸਮੇਂ ਦੂਜੀਆਂ ਪਾਰਟੀਆਂ ਵਿੱਚ ਜਾ ਸਕਦੇ ਹਨ ਅਤੇ ਸਾਡੇ ਪੁਰਾਣੇ ਦੋਸਤ ਸਾਨੂੰ ਹਰ ਰੋਜ਼ ਆਪਣੀਆਂ ਕਹਾਣੀਆਂ ਸੁਣਾਉਂਦੇ ਹਨ ਕਿ ਉਹ ਇੰਨ੍ਹਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਅਤੇ ਪ੍ਰੇਸ਼ਾਨ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਇੰਨ੍ਹਾਂ ਨੂੰ ਡਰ ਸੀ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਦੇ ਵਿਧਾਇਕ ਪਾਰਟੀ ਛੱਡ ਦੇਣਗੇ। ਇਸੇ ਲਈ ਉਹ ਇਹ ਫਲੋਰ ਟੈਸਟ ਦਿਖਾ ਕੇ 6 ਮਹੀਨਿਆਂ ਲਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਸਰਕਾਰ ਵੀ ਜਾਣਦੀ ਹੈ ਕਿ ਫਲੋਰ ਟੈਸਟ ਤੋਂ ਬਾਅਦ ਇਕ ਵਾਰ ਫਿਰ 6 ਮਹੀਨਿਆਂ ਤੱਕ ਕੋਈ ਫਲੋਰ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। ਇਹ ਸਾਰਾ ਡਰਾਮਾ ਇਸੇ ਲਈ ਰਚਿਆ ਗਿਆ ਸੀ।
ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਇਹ ਸਰਕਾਰ ਦੋਹਰੇ ਮਾਪਦੰਡਾਂ 'ਤੇ ਚੱਲ ਰਹੀ ਹੈ। ਇਕ ਪਾਸੇ ਜਿਸ ਦੀ ਆਡੀਓ ਸਾਹਮਣੇ ਨਹੀਂ ਆਈ, ਭਾਵ ਸਾਬਕਾ ਸਿਹਤ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਥੇ ਹੀ ਫੌਜਾ ਸਿੰਘ ਸਰਾਰੀ ਦੀ ਆਡੀਓ ਵੀ ਸਾਹਮਣੇ ਆਈ ਹੈ ਅਤੇ ਉਹ ਮੰਨ ਵੀ ਗਿਆ ਹੈ। ਉਸ ਖਿਲਾਫ਼ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਚਾਪਲੂਸੀ ਦੀ ਹੱਦ! ਇਮਾਮ ਉਮਰ ਅਹਿਮਦ ਇਲਿਆਸੀ ਨੇ ਮੋਹਨ ਭਾਗਵਤ ਨੂੰ ਕਿਹਾ 'ਰਾਸ਼ਟਰ ਪਿਤਾ, ਰਾਸ਼ਟਰ ਰਿਸ਼ੀ'